- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀ.ਐੱਸ.ਐੱਨ.ਐੱਲ. ਦਫ਼ਤਰ ਫ਼ਿਰੋਜ਼ਪੁਰ ਕੈਂਟ ’ਚ ‘ਰਾਸ਼ਟਰਗੀਤ ਅਤੇ ਰਾਸ਼ਟਰਗਾਨ ਪਟਲ’ ਦਾ ਹੋਇਆ ਸ਼ਾਨਦਾਰ ਉਦਘਾਟਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦੇ ਟੈਲੀਕਾਮ ਜ਼ਿਲ੍ਹਾ ਜਨਰਲ ਮੈਨੇਜਰ ਦਫ਼ਤਰ, ਫ਼ਿਰੋਜ਼ਪੁਰ ਕੈਂਟ ਵਿਖੇ ਰਾਸ਼ਟਰੀ ਏਕਤਾ, ਅਖੰਡਤਾ ਅਤੇ ਰਾਸ਼ਟਰੀ ਗੌਰਵ ਦੇ ਪਵਿੱਤਰ ਪ੍ਰਤੀਕ ‘ਰਾਸ਼ਟਰਗੀਤ ਅਤੇ ਰਾਸ਼ਟਰਗਾਨ ਪਟਲ’ ਦਾ ਬਹੁਤ ਹੀ ਸ਼ਾਨਦਾਰ ਅਤੇ ਗੌਰਵਮਈ ਢੰਗ ਨਾਲ ਉਦਘਾਟਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਟੈਲੀਕਾਮ ਵੂਮੈਨ ਵੈਲਫੇਅਰ ਆਰਗੇਨਾਈਜ਼ੇਸ਼ਨ ਦੀ ਪ੍ਰਧਾਨ ਡਾ. ਸੰਗੀਤਾ ਅਜੇ ਕਰਾਰਾ ਵੱਲੋਂ ਆਪਣੇ ਕਰ-ਕਮਲਾਂ ਨਾਲ ਇਸ ਰਾਸ਼ਟਰਗੀਤ ਅਤੇ ਰਾਸ਼ਟਰਗਾਨ ਪਟਲ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਪੰਜਾਬ ਟੈਲੀਕਾਮ ਸਰਕਲ ਦੇ ਚੀਫ਼ ਜਨਰਲ ਮੈਨੇਜਰ ਅਜੇ ਕਰਾਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਪ੍ਰੇਰਨਾਦਾਇਕ ਅਗਵਾਈ ਹੇਠ ਇਹ ਸਮਾਗਮ ਨੇਪਰੇ ਚੜ੍ਹਿਆ। ਇਸ ਮੌਕੇ ਫ਼ਿਰੋਜ਼ਪੁਰ ਟੈਲੀਕਾਮ ਜ਼ਿਲ੍ਹੇ ਦੇ ਜਨਰਲ ਮੈਨੇਜਰ ਕੰਵਲਦੀਪ ਸਿੰਘ ਅਤੇ ਡਿਪਟੀ ਜਨਰਲ ਮੈਨੇਜਰ ਸੰਜੀਵ ਅਗਰਵਾਲ ਸਮੇਤ ਜਨਰਲ ਮੈਨੇਜਰ ਦਫ਼ਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਹ ਆਯੋਜਨ ਸਿਰਫ਼ ਇਕ ਰਸਮੀ ਉਦਘਾਟਨ ਨਹੀਂ ਸੀ, ਸਗੋਂ ਦੇਸ਼ ਪ੍ਰਤੀ ਸਤਿਕਾਰ, ਫ਼ਰਜ਼ ਨਿਭਾਉਣ ਦੀ ਲਗਨ, ਅਨੁਸ਼ਾਸਨ ਅਤੇ ਰਾਸ਼ਟਰੀ ਮੁੱਲਾਂ ਪ੍ਰਤੀ ਵਚਨਬੱਧਤਾ ਦਾ ਇਕ ਪ੍ਰੇਰਨਾਦਾਇਕ ਸੁਨੇਹਾ ਵੀ ਸੀ। ਰਾਸ਼ਟਰਗੀਤ ‘ਵੰਦੇ ਮਾਤਰਮ’ ਅਤੇ ਰਾਸ਼ਟਰਗਾਨ ‘ਜਨ ਗਣ ਮਨ’ ਸਾਡੇ ਦੇਸ਼ ਦੀ ਰਾਸ਼ਟਰੀ ਚੇਤਨਾ, ਗੌਰਵ ਅਤੇ ਏਕਤਾ ਦੇ ਅਨਮੋਲ ਪ੍ਰਤੀਕ ਹਨ। ਸਮਾਗਮ ਦੌਰਾਨ ਮੌਜ਼ੂਦ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਾਸ਼ਟਰੀ ਏਕਤਾ, ਅਖੰਡਤਾ, ਪ੍ਰਭੂਸੱਤਾ ਅਤੇ ਦੇਸ਼ ਦੇ ਮਾਣ-ਸਤਿਕਾਰ ਨੂੰ ਸਭ ਤੋਂ ਉੱਪਰ ਰੱਖਦਿਆਂ ਆਪਣੇ ਫ਼ਰਜ਼ਾਂ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਦਾ ਸੰਕਲਪ ਲਿਆ। ਦਫ਼ਤਰ ਪਰਿਸਰ ਵਿਚ ਸਥਾਪਿਤ ਕੀਤਾ ਗਿਆ ਇਹ ਪਟਲ ਇੱਥੇ ਕੰਮ ਕਰਨ ਵਾਲੇ ਹਰ ਕਰਮਚਾਰੀ ਨੂੰ ਨਿਰੰਤਰ ਦੇਸ਼ ਸੇਵਾ, ਅਨੁਸ਼ਾਸਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੰਦਾ ਰਹੇਗਾ।