ਦੋ ਗੱਡੀਆਂ ’ਚ ਆਏ ਹਮਲਾਵਰਾਂ ਨੇ ਬਾਈਕ ਸਵਾਰ ਨੂੰ ਮਾਰੀਆਂ ਗੋਲ਼ੀਆਂ, ਮੌਤ ਭੈਣ ਨੂੰ ਸਹੁਰੇ ਘਰੋਂ ਲਿਆਉਣ ਦੇ 15 ਦਿਨ ਬਾਅਦ ਭਰਾ ਦਾ ਗੋਲੀਆਂ ਮਾਰ ਕੇ ਕਤਲ
Publish Date: Sun, 20 Sep 2026 06:26 PM (IST)
Updated Date: Mon, 21 Sep 2026 04:06 AM (IST)
ਫੋਟੋ ਫਾਈਲ: 20 ਐੱਫਜੈੱਡਆਰ 12 * ਬਾਂਹ ਤੇ ਛਾਤੀ ’ਚ ਲੱਗੀਆਂ ਗੋਲ਼ੀਆਂ, ਸੀਸੀਟੀਵੀ ’ਚ ਕੈਦ ਹੋਈਆਂ ਗੱਡੀਆਂ * ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਥਾਣਾ ਮਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਐਤਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋ ਗੱਡੀਆਂ ’ਚ ਸਵਾਰ ਹੋ ਕੇ ਆਏ ਹਥਿਆਰਬੰਦਾਂ ਵੱਲੋਂ ਮੋਟਰਸਾਈਕਲ ’ਤੇ ਜਾ ਰਹੇ 23 ਸਾਲਾ ਦਵਿੰਦਰ ਸਿੰਘ ਉਰਫ਼ ਦੀਪੂ ਪੁੱਤਰ ਰਸਾਲ ਸਿੰਘ ਵਾਸੀ ਪਿੰਡ ਦੀਨੇ ਕੇ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲ਼ੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਜ਼ੀਰਾ ਵਿਖੇ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਦਵਿੰਦਰ ਸਿੰਘ ਆਪਣੀ ਬਾਂਹ ’ਤੇ ਪੱਟੀ ਕਰਵਾਉਣ ਲਈ ਮੋਟਰਸਾਈਕਲ ’ਤੇ ਪਿੰਡ ਪੱਧਰੀ ਵੱਲ ਜਾ ਰਿਹਾ ਸੀ। ਇਸ ਦੌਰਾਨ ਰਸਤੇ ’ਚ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਗੋਲ਼ੀਆਂ ਚਲਾ ਦਿੱਤੀਆਂ। ਪਰਿਵਾਰ ਅਨੁਸਾਰ ਗੋਲ਼ੀਬਾਰੀ ਦੌਰਾਨ ਇਕ ਗੋਲੀ ਦਵਿੰਦਰ ਦੀ ਬਾਂਹ ਤੇ ਦੂਜੀ ਛਾਤੀ ’ਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ ਗਿਆ, ਪਰ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਘਟਨਾ ਦੌਰਾਨ ਵਰਤੀਆਂ ਗਈਆਂ ਗੱਡੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਖੂ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ, ਹਮਲਾਵਰਾਂ ਦੀ ਪਛਾਣ ਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।