ਫ਼ਿਰੋਜ਼ਪੁਰ ਦੇ ਹੋਟਲ ’ਚੋਂ 23 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਫ਼ਿਰੋਜ਼ਪੁਰ ਦੇ ਹੋਟਲ ’ਚ 23 ਸਾਲਾ ਨੌਜਵਾਨ ਦੀ ਮਿਲੀ ਲਾਸ਼
Publish Date: Tue, 21 Jul 2026 07:01 PM (IST)
Updated Date: Tue, 21 Jul 2026 07:04 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਛਾਉਣੀ ਖੇਤਰ ਦੇ ਇਕ ਨਾਮਵਰ ਹੋਟਲ ਵਿੱਚੋਂ ਮਾਛੀਵਾੜਾ ਦੇ 23 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਛੱਤ ਵਾਲੇ ਪੱਖੇ ਨਾਲ ਲਟਕਦੀ ਦੇਹ ਬਰਾਮਦ ਹੋਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਸਾਜ਼ਿਸ਼ੀ ਕਤਲ ਦੱਸਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਫ਼ਿਰੋਜ਼ਪੁਰ ਛਾਉਣੀ ਦੇ ਮੁੱਖ ਇਲਾਕੇ ਵਿਚ ਸਥਿਤ ਇੱਕ ਹੋਟਲ ਦੇ ਕਮਰੇ ਅੰਦਰ ਬੀਤੇ ਦਿਨ 23 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਜਗੀਰ ਸਿੰਘ, ਵਾਸੀ ਪਿੰਡ ਮਾਛੀਵਾੜਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਸਥਾਨਕ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹੋਟਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੁਪਹਿਰ ਦੇ ਲਗਭਗ 12 ਵਜੇ ਹੋਟਲ ਵਿਚ ਆਇਆ ਸੀ ਅਤੇ ਉਸ ਨੇ ਠਹਿਰਨ ਲਈ ਇੱਕ ਕਮਰਾ ਕਿਰਾਏ ’ਤੇ ਲਿਆ। ਕਮਰਾ ਲੈਣ ਦੇ ਬਾਅਦ 15 ਤੋਂ 20 ਮਿੰਟ ਬਾਅਦ ਇਕ ਅਣਪਛਾਤੀ ਲੜਕੀ ਉਸ ਨੂੰ ਮਿਲਣ ਲਈ ਆਈ। ਉਹ ਲੜਕੀ ਲਗਭਗ ਇਕ ਘੰਟਾ ਕਮਰੇ ਵਿਚ ਰਹਿਣ ਤੋਂ ਬਾਅਦ ਵਾਪਸ ਚਲੀ ਗਈ। ਇਸ ਤੋਂ ਬਾਅਦ ਜਦੋਂ ਹੋਟਲ ਦਾ ਸਫਾਈ ਕਰਮਚਾਰੀ ਰੁਟੀਨ ਮੁਤਾਬਿਕ ਕਮਰੇ ਦੀ ਜਾਂਚ ਲਈ ਅੰਦਰ ਗਿਆ, ਤਾਂ ਉਸ ਨੇ ਦੇਖਿਆ ਕਿ ਕੁਲਵੰਤ ਸਿੰਘ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਢਾਈ ਵਜੇ ਦੇ ਕਰੀਬ ਹੋਟਲ ਮਾਲਕ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਗਾਹਕ ਨੇ ਫਾਹਾ ਲੈ ਲਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਦੂਜੇ ਪਾਸੇ ਮ੍ਰਿਤਕ ਕੁਲਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਨੂੰ ਖੁਦਕੁਸ਼ੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੀੜ੍ਹਤ ਪਰਿਵਾਰ ਨੇ ਸੜਕ ’ਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਦੇ ਪਤੀ ਦੀ ਪਿਛਲੇ ਦੋ ਸਾਲਾਂ ਤੋਂ ਇਕ ਲੜਕੀ ਨਾਲ ਗੱਲਬਾਤ ਸੀ। ਉਸ ਨੇ ਪਹਿਲਾਂ ਵੀ ਉਸ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਸਮਝਾਇਆ ਸੀ ਕਿ ਉਹ ਉਨ੍ਹਾਂ ਦਾ ਘਰ ਖ਼ਰਾਬ ਨਾ ਕਰਨ। ਪਰਿਵਾਰ ਦਾ ਇਲਜ਼ਾਮ ਹੈ ਕਿ ਉਕਤ ਲੜਕੀ ਨੇ ਸਾਜ਼ਿਸ਼ ਤਹਿਤ ਕੁਲਵੰਤ ਸਿੰਘ ਨੂੰ ਹੋਟਲ ਵਿਚ ਬੁਲਾਇਆ ਸੀ। ਉੱਥੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਉਸ ਨੂੰ ਪੱਖੇ ਨਾਲ ਲਟਕਾ ਕੇ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਹੋਟਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਘਾਲਿਆ ਜਾ ਰਹਾ ਹੈ ਤਾਂ ਜੋ ਮਿਲਣ ਆਈ ਲੜਕੀ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।