ਫ਼ਿਰੋਜ਼ਪੁਰ ਦੇ ਹੋਟਲ ’ਚ ਮਿਲੀ 23 ਸਾਲਾ ਨੌਜਵਾਨ ਦੀ ਲਾਸ਼: ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ, ਅਣਪਛਾਤੀ ਲੜਕੀ ’ਤੇ ਲਗਾਏ ਗੰਭੀਰ ਦੋਸ਼
ਫ਼ਿਰੋਜ਼ਪੁਰ ਛਾਉਣੀ ਖੇਤਰ ਦੇ ਇਕ ਨਾਮਵਰ ਹੋਟਲ ’ਚੋਂ ਮਾਛੀਵਾੜਾ ਦੇ 23 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਛੱਤ ਵਾਲੇ ਪੱਖੇ ਨਾਲ ਲਟਕਦੀ ਦੇਹ ਬਰਾਮਦ ਹੋਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਦਿੱਤੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਸਾਜਿਸ਼ੀ ਕਤਲ ਦੱਸਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।
Publish Date: Tue, 21 Jul 2026 12:55 PM (IST)
Updated Date: Tue, 21 Jul 2026 01:01 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ। ਫ਼ਿਰੋਜ਼ਪੁਰ ਛਾਉਣੀ ਖੇਤਰ ਦੇ ਇਕ ਨਾਮਵਰ ਹੋਟਲ ’ਚੋਂ ਮਾਛੀਵਾੜਾ ਦੇ 23 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਛੱਤ ਵਾਲੇ ਪੱਖੇ ਨਾਲ ਲਟਕਦੀ ਦੇਹ ਬਰਾਮਦ ਹੋਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਦਿੱਤੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਸਾਜਿਸ਼ੀ ਕਤਲ ਦੱਸਦਿਆਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ।
ਫ਼ਿਰੋਜ਼ਪੁਰ ਛਾਉਣੀ ਦੇ ਮੁੱਖ ਇਲਾਕੇ ’ਚ ਸਥਿਤ ਇੱਕ ਹੋਟਲ ਦੇ ਕਮਰੇ ਅੰਦਰ ਬੀਤੇ ਦਿਨ 23 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਜਗੀਰ ਸਿੰਘ, ਵਾਸੀ ਪਿੰਡ ਮਾਛੀਵਾੜਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਤਰਥੱਲੀ ਮਚ ਗਈ ਅਤੇ ਸਥਾਨਕ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹੋਟਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੁਪਹਿਰ ਦੇ ਲਗਪਗ 12 ਵਜੇ ਹੋਟਲ ’ਚ ਆਇਆ ਸੀ ਅਤੇ ਉਸ ਨੇ ਠਹਿਰਨ ਲਈ ਇੱਕ ਕਮਰਾ ਕਿਰਾਏ ’ਤੇ ਲਿਆ।
ਕਮਰਾ ਲੈਣ ਦੇ ਬਾਅਦ 15 ਤੋਂ 20 ਮਿੰਟ ਬਾਅਦ ਇਕ ਅਣਪਛਾਤੀ ਲੜਕੀ ਉਸ ਨੂੰ ਮਿਲਣ ਲਈ ਆਈ। ਉਹ ਲੜਕੀ ਲਗਪਗ ਇਕ ਘੰਟਾ ਕਮਰੇ ’ਚ ਰਹਿਣ ਤੋਂ ਬਾਅਦ ਵਾਪਸ ਚਲੀ ਗਈ। ਇਸ ਤੋਂ ਬਾਅਦ ਜਦੋਂ ਹੋਟਲ ਦਾ ਸਫਾਈ ਕਰਮਚਾਰੀ ਰੁਟੀਨ ਮੁਤਾਬਿਕ ਕਮਰੇ ਦੀ ਜਾਂਚ ਲਈ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਕੁਲਵੰਤ ਸਿੰਘ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।
ਤਫ਼ਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਢਾਈ ਵਜੇ ਦੇ ਕਰੀਬ ਹੋਟਲ ਮਾਲਕ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਗਾਹਕ ਨੇ ਫਾਹਾ ਲੈ ਲਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ।
ਦੂਜੇ ਪਾਸੇ ਮ੍ਰਿਤਕ ਕੁਲਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਨੂੰ ਖੁਦਕੁਸ਼ੀ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੀੜ੍ਹਤ ਪਰਿਵਾਰ ਨੇ ਸੜਕ ’ਤੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਦੇ ਪਤੀ ਦੀ ਪਿਛਲੇ ਦੋ ਸਾਲਾਂ ਤੋਂ ਇਕ ਲੜਕੀ ਨਾਲ ਗੱਲਬਾਤ ਸੀ। ਉਸ ਨੇ ਪਹਿਲਾਂ ਵੀ ਉਸ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਸਮਝਾਇਆ ਸੀ ਕਿ ਉਹ ਉਨ੍ਹਾਂ ਦਾ ਘਰ ਖ਼ਰਾਬ ਨਾ ਕਰਨ।
ਪਰਿਵਾਰ ਦਾ ਦੋਸ਼ ਹੈ ਕਿ ਉਕਤ ਲੜਕੀ ਨੇ ਸਾਜਿਸ਼ ਤਹਿਤ ਕੁਲਵੰਤ ਸਿੰਘ ਨੂੰ ਹੋਟਲ ’ਚ ਬੁਲਾਇਆ ਸੀ। ਉੱਥੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ’ਚ ਉਸ ਨੂੰ ਪੱਖੇ ਨਾਲ ਲਟਕਾ ਕੇ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਹੋਟਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਘਾਲਿਆ ਜਾ ਰਹਾ ਹੈ ਤਾਂ ਜੋ ਮਿਲਣ ਆਈ ਲੜਕੀ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।