
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ 7 ਸਤੰਬਰ ਤੋਂ ਸ਼ੁਰੂ ਹੋਣਗੀਆਂ ਬਲਾਕ ਪੱਧਰੀ ਖੇਡਾਂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਖੇਡਾਂ ਵਤਨ ਪੰਜਾਬ ਦੀਆਂ-2026 ਦੀ ਸ਼ੁਰੂਆਤ ਜ਼ਿਲ੍ਹੇ ਵਿਚ 7 ਸਤੰਬਰ ਤੋਂ ਹੋਵੇਗੀ, ਜਿਸ ਤਹਿਤ 7 ਸਤੰਬਰ ਤੋਂ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡਾਂ ਸ਼ੁਰੂ ਕਰਵਾਈਆਂ ਜਾਣਗੀਆਂ ਅਤੇ 21 ਸਤੰਬਰ ਤੋਂ ਜ਼ਿਲ੍ਹਾ ਪੱਧਰੀ ਖੇਡਾਂ ਹੋਣਗੀਆਂ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੌਰਾਨ ਦਿੱਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲੇ ਵਿਚ 7 ਤੋਂ 9 ਸਤੰਬਰ ਤੱਕ ਬਲਾਕ ਫਿਰੋਜ਼ਪੁਰ ਅਤੇ ਬਲਾਕ ਮਮਦੋਟ ਦੀਆਂ ਖੇਡਾਂ ਹੋਣਗੀਆਂ, 10 ਤੋਂ 12 ਸਤੰਬਰ ਬਲਾਕ ਗੁਰੂਹਰਸਹਾਏ ਅਤੇ ਬਲਾਕ ਜ਼ੀਰਾ ਦੀਆਂ ਖੇਡਾਂ ਹੋਣਗੀਆਂ 14 ਤੋਂ 16 ਸਤੰਬਰ ਬਲਾਕ ਘੱਲ ਖੁਰਦ ਅਤੇ ਬਲਾਕ ਮਖੂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਇਸ ਤੋਂ ਬਾਅਦ 21 ਸਤੰਬਰ ਤੋਂ 26 ਸਤੰਬਰ 2026 ਤੱਕ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਵੀ ਦੱਸਿਆ ਕਿ ਖੇਡਾ ਵਤਨ ਪੰਜਾਬ ਦੀਆਂ ਨਾਲ ਸਬੰਧਤ ਟਾਰਚ ਜ਼ਿਲ੍ਹਾ ਤਰਨਤਾਰਨ ਤੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ 30 ਅਗਸਤ ਨੂੰ ਪਹੁੰਚੇਗੀ ਅਤੇ ਇਥੇ ਪਹੁੰਚਣ ਤੇ ਟਾਰਚ ਨੂੰ ਰਿਸੀਵ ਕਰਦੇ ਹੋਏ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ 31 ਅਗਸਤ ਨੂੰ ਇਸ ਟੋਰਚ ਨੂੰ ਫਾਜ਼ਿਲਕਾ ਜ਼ਿਲੇ ਲਈ ਰਵਾਨਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪੋ ਆਪਣੇ ਵਿਭਾਗਾਂ ਨਾਲ ਸਬੰਧਤ ਕੰਮ ਜਿਵੇਂ ਕਿ ਖੇਡ ਮੈਦਾਨਾਂ ਦੀ ਸਾਫ ਸਫਾਈ, ਪਾਣੀ, ਮੈਡੀਕਲ ਟੀਮਾਂ, ਸੁਰੱਖਿਆ ਆਦਿ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਵੱਧ ਚੜ ਕੇ ਇਨਾ ਖੇਡਾਂ ਵਿਚ ਭਾਗ ਲੈਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕੀ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਖੇਡ ਅਫਸਰ ਫ਼ਿਰੋਜ਼ਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।