- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਲਾਕ ਪੱਧਰੀ ਖੇਡਾਂ 7 ਸਤੰਬਰ ਤੋਂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਆਗਾਜ਼ 7 ਸਤੰਬਰ 2026 ਤੋਂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਦੱਸਿਆ ਕਿ 7 ਸਤੰਬਰ ਤੋਂ ਬਲਾਕ ਪੱਧਰੀ ਖੇਡਾਂ ਦੌਰਾਨ ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ) ਖੇਡਾਂ ਵਿਚ 14, 17, 21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਉੱਪਰ ਦੇ ਪੁਰਸ਼/ਔਰਤਾਂ ਦੇ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣਗੇ। ਗੇਮ ਖੋ-ਖੋ, ਫੁੱਟਬਾਲ, ਕਬੱਡੀ (ਨੈਸ਼ਨਲ) ਅਤੇ ਕਬੱਡੀ (ਸਰਕਲ) ਖੇਡਾਂ ਵਿਚ ਅੰਡਰ 14, 17, 21, 21-30 ਅਤੇ 31-40 ਲੜਕੇ/ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ, ਜੋ ਕਿ 21 ਤੋਂ 26 ਸਤੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਫਿਰੋਜ਼ਪੁਰ ਦੇ ਖੇਡ ਮੁਕਾਬਲੇ 7 ਤੋਂ 9 ਸਤੰਬਰ 2026 ਤੱਕ ਖੇਡ ਮੈਦਾਨ ਪਿੰਡ ਦੁਲਚੀ ਕੇ ਵਿਖੇ ਕਰਵਾਏ ਜਾਣਗੇ ਅਤੇ ਇਸ ਦੇ ਬਲਾਕ ਇੰਚਾਰਜ਼ ਅਵਤਾਰ ਕੌਰ, ਕਬੱਡੀ ਕੋਚ ਹਨ। ਬਲਾਕ ਮਮਦੋਟ ਦੇ ਮੁਕਾਬਲੇ ਵੀ 7 ਤੋਂ 9 ਸਤੰਬਰ 2026 ਤੱਕ ਖੇਡ ਮੈਦਾਨ ਪਿੰਡ ਲੱਖੇ ਕੇ ਬਹਿਰਾਮ ਵਿਖੇ ਕਰਵਾਏ ਜਾਣਗੇ, ਇਸ ਦੇ ਬਲਾਕ ਇੰਚਾਰਜ਼ ਰਣਜੀਤ ਕੰਬੋਜ ਕੁਸ਼ਤੀ ਕੋਚ ਹਨ। ਬਲਾਕ ਗੁਰੂਹਰਸਹਾਏ ਦੇ ਮੁਕਾਬਲੇ 10 ਤੋਂ 12 ਸਤੰਬਰ 2026 ਤੱਕ ਸ੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ, ਗੁਰੂਹਰਸਹਾਏ ਵਿਖੇ ਕਰਵਾਏ ਜਾਣਗੇ, ਇਸ ਦੇ ਬਲਾਕ ਇੰਚਾਰਜ਼ ਮਲਕੀਤ ਸਿੰਘ, ਐਥਲੈਟਿਕਸ ਕੋਚ ਹਨ। ਬਲਾਕ ਜ਼ੀਰਾ ਦੇ ਮੁਕਾਬਲੇ 10 ਤੋਂ 12 ਸਤੰਬਰ 2026 ਤੱਕ ਖੇਡ ਮੈਦਾਨ ਪਿੰਡ ਲੋਹਕੇ ਕਲਾਂ ਵਿਖੇ ਹੋਣਗੇ, ਇਸ ਦੇ ਬਲਾਕ ਇੰਚਾਰਜ਼ ਗੁਰਜੀਤ ਸਿੰਘ, ਹੈਂਡਬਾਲ ਕੋਚ ਹਨ। ਇਸੇ ਤਰ੍ਹਾਂ ਬਲਾਕ ਮਖੂ ਦੇ ਮੁਕਾਬਲੇ 14 ਤੋਂ 16 ਸਤੰਬਰ 2026 ਤੱਕ ਖੇਡ ਮੈਦਾਨ ਪਿੰਡ ਬੂਟੇ ਵਾਲਾ ਵਿਖੇ ਕਰਵਾਏ ਜਾਣਗੇ, ਇਸ ਦੇ ਬਲਾਕ ਇੰਚਾਰਜ਼ ਗਗਨ ਮਾਟਾ, ਤੈਰਾਕੀ ਕੋਚ ਹਨ। ਬਲਾਕ ਘੱਲ ਖੁਰਦ ਦੇ ਮੁਕਾਬਲੇ 14 ਤੋਂ 16 ਸਤੰਬਰ 2026 ਤੱਕ ਖੇਡ ਮੈਦਾਨ ਪਿੰਡ ਚੰਦੜ ਵਿਖੇ ਕਰਵਾਏ ਜਾਣਗੇ, ਇਸ ਦੇ ਬਲਾਕ ਇੰਚਾਰਜ਼ ਜਗਮੀਤ ਸਿੰਘ, ਹੈਂਡਬਾਲ ਕੋਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਟੇਟ ਪੱਧਰ ਦੀਆਂ ਖੇਡਾਂ ਵਿਚ 14 ਤੋਂ 40 ਸਾਲ ਤੱਕ ਦੀ ਉਮਰ ਵਾਲੇ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 10,000 ਰੁਪਏ, 7,000 ਰੁਪਏ ਅਤੇ 5,000 ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ ਨੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਅਤੇ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਨੂੰ ਸਫਲ ਬਣਾਉਣ ਦੀ ਅਪੀਲ ਕੀਤੀ।