ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ : ਬੀਕੇਯੂ ਮਿਲਾਵਟਖੋਰਾਂ ਨੂੰ ਬੀਕੇਯੂ ਕਾਦੀਆਂ ਦੀ ਸਿੱਧੀ ਚਿਤਾਵਨੀ-ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਤਾਂ ਖੈਰ ਨਹੀਂ!
Publish Date: Wed, 26 Aug 2026 06:37 PM (IST)
Updated Date: Wed, 26 Aug 2026 06:40 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਲੋਕਾਂ ਦੀ ਸਿਹਤ ਨਾਲ ਜੁੜੇ ਗੰਭੀਰ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜ਼ੀਰਾ ਦੀ ਟੀਮ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਮਿਲਾਵਟੀ ਅਤੇ ਗ਼ੈਰ-ਮਿਆਰੀ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੀ ਮੀਟਿੰਗ ਪ੍ਰਕਿਰਤੀ ਕਲੱਬ ਜ਼ੀਰਾ ਦੇ ਪਾਰਕ ਵਿਖੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਲਜਿੰਦਰ ਸਿੰਘ ਬੱਬੀ, ਮੀਤ ਪ੍ਰਧਾਨ ਪੰਜਾਬ, ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਪਿਛਲੇ ਦਿਨੀਂ ਜ਼ੀਰਾ ਵਿਖੇ ਫੂਡ ਐਂਡ ਸੇਫਟੀ ਵਿਭਾਗ ਵੱਲੋਂ ਜੀਰਾ ਦੀ ਇਕ ਮਸ਼ਹੂਰ ਮਠਿਆਈ ਦੀ ਦੁਕਾਨ ਤੋਂ ਲਏ ਗਏ ਮਠਿਆਈ ਦੇ ਸੈਂਪਲ ਦੀ ਰਿਪੋਰਟ ’ਤੇ ਗੰਭੀਰ ਚਿੰਤਾ ਪ੍ਰਗਟਾਈ ਗਈ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਉਕਤ ਸੈਂਪਲ ਖਾਣਯੋਗ ਮਿਆਰਾਂ ’ਤੇ ਖਰਾ ਨਾ ਉਤਰਦਿਆਂ ਫੇਲ ਪਾਇਆ ਗਿਆ, ਜਿਸ ਦੀ ਜਾਣਕਾਰੀ ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਮੀਡੀਆ ਰਾਹੀਂ ਦਿੱਤੀ ਗਈ। ਆਗੂਆਂ ਨੇ ਇਸ ਨੂੰ ਲੋਕਾਂ ਦੀ ਸਿਹਤ ਨਾਲ ਜੁੜਿਆ ਗੰਭੀਰ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਮੁਨਾਫ਼ੇ ਦੀ ਖ਼ਾਤਰ ਕਿਸੇ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਲਜਿੰਦਰ ਸਿੰਘ ਬੱਬੀ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਦੁੱਧ ਵਿਕਰੇਤਾਵਾਂ ਨੂੰ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਫੂਡ ਸੇਫਟੀ ਵਿਭਾਗ ਦੇ ਸਹਿਯੋਗ ਨਾਲ ਸਮੇਂ-ਸਮੇਂ ’ਤੇ ਸੈਂਪਲਿੰਗ ਕਰਵਾਈ ਜਾਂਦੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਕਲੀ ਜਾਂ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖਾਣ-ਪੀਣ ਦੀਆਂ ਵਸਤਾਂ ਪ੍ਰਤੀ ਸੁਚੇਤ ਰਹਿਣ ਅਤੇ ਲੋਕ ਹਿੱਤ ਦੀ ਇਸ ਮੁਹਿੰਮ ਵਿੱਚ ਕਿਸਾਨ ਜਥੇਬੰਦੀ ਦਾ ਸਾਥ ਦੇਣ। ਇਸ ਮੌਕੇ ਦਰਸ਼ਨ ਸਿੰਘ ਅਗਜੈਕਟਿਵ ਮੈਂਬਰ ਬੀਕੇਯੂ ਕਾਦੀਆਂ ਪੰਜਾਬ, ਕੁਲਵਿੰਦਰ ਸਿੰਘ ਸੇਖੋਂ ਜ਼ਿਲ੍ਹਾ ਆਗੂ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਆਗੂ, ਰਾਜ ਰਣਧੀਰ ਸਿੰਘ ਕਰਮੂਵਾਲਾ ਜ਼ਿਲ੍ਹਾ ਆਗੂ, ਸਰਪੰਚ ਸੁਖਜੀਤ ਸਿੰਘ ਮੱਲੇਵਾਲਾ, ਮੋਹਣ ਸਿੰਘ ਫੇਰੋਕੇ ਜ਼ਿਲ੍ਹਾ ਕਮੇਟੀ ਮੈਂਬਰ, ਕੈਪਟਨ ਠਾਣਾ ਸਿੰਘ ਛੱਜਾਂਵਾਲੀ ਇਕਾਈ ਪ੍ਰਧਾਨ, ਗੁਰਜੀਤ ਸਿੰਘ, ਸੁਖਵੀਰ ਸਿੰਘ ਮਰਖਾਈ, ਸੁਖਦੇਵ ਸਿੰਘ ਵਾੜਾ ਚੈਨ ਸਿੰਘ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।