ਵਾਰਡ ਨੰਬਰ 3 ਦੇ ਕਈ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ‘ਹੱਥ’ ਵਾਰਡ ਨੰਬਰ 3 ਵਿੱਚ ਭਾਜਪਾ ਨੂੰ ਝਟਕਾ, ਕਈ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਹੱਥ
Publish Date: Sun, 25 Oct 2026 03:32 PM (IST)
Updated Date: Sun, 25 Oct 2026 03:34 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਸਿਆਸੀ ਮਾਹੌਲ ਵਿੱਚ ਉਸ ਸਮੇਂ ਨਵੀਂ ਹਲਚਲ ਪੈਦਾ ਹੋ ਗਈ, ਜਦੋਂ ਵਾਰਡ ਨੰਬਰ 3 ਨਾਲ ਸਬੰਧਤ ਕਈ ਪ੍ਰਮੁੱਖ ਆਗੂਆਂ ਨੇ ਆਪਣੇ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਘਟਨਾਕ੍ਰਮ ਨੂੰ ਕਾਂਗਰਸ ਵੱਲੋਂ ਆਪਣੇ ਜਥੇਬੰਦਕ ਆਧਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ. ਕੁਲਬੀਰ ਸਿੰਘ ਜ਼ੀਰਾ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਪਾਰਟੀ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਬਲਵਿੰਦਰ ਸਿੰਘ (ਭੋਲਾ), ਗੁਰਬੀਰ ਸਿੰਘ ਗਿੱਲ (ਯੂ.ਕੇ.), ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ. ਰਸ਼ਪਾਲ ਸਿੰਘ, ਕਾਕਾ ਜੈਲਦਾਰ ਐਮ.ਸੀ., ਕਪਿਲ ਸਿੰਘ, ਖੜਕ ਸਿੰਘ ਅਤੇ ਕਾਰਜ ਸਿੰਘ ਦੇ ਯਤਨਾਂ ਸਦਕਾ ਵਾਰਡ ਨੰਬਰ 3 ਦੇ ਅਮਰਜੀਤ ਸਿੰਘ, ਗੁਰਸੇਵਕ ਸਿੰਘ ਅਤੇ ਸੁਨੀਲ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਨਵੇਂ ਆਏ ਸਾਥੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਦੀ ਤਾਕਤ ਸਿਰਫ਼ ਚੋਣਾਂ ਜਿੱਤਣ ਵਿੱਚ ਨਹੀਂ, ਸਗੋਂ ਲੋਕਾਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਨ ਅਤੇ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬਣਨ ਵਿੱਚ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਸਭ ਤੋਂ ਵੱਡੀ ਪੂੰਜੀ ਹੁੰਦਾ ਹੈ ਅਤੇ ਜਦੋਂ ਲੋਕ ਕਿਸੇ ਪਾਰਟੀ ਦੀ ਨੀਤੀ, ਸੋਚ ਅਤੇ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਜੁੜਦੇ ਹਨ ਤਾਂ ਇਹ ਉਸ ਪਾਰਟੀ ਦੀ ਜ਼ਿੰਮੇਵਾਰੀ ਵੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਉੱਤੇ ਖਰਾ ਉਤਰਨਾ ਕਾਂਗਰਸ ਦੀ ਮੁੱਖ ਤਰਜੀਹ ਹੈ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਸਾਥੀ ਦੀ ਰਾਇ ਦਾ ਸਤਿਕਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਲੋਕ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਅਨੁਸਾਰ ਵਾਰਡ ਪੱਧਰ ਉੱਤੇ ਮਿਲ ਰਿਹਾ ਸਹਿਯੋਗ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪਾਰਟੀ ਲਈ ਮਹੱਤਵਪੂਰਨ ਹੈ। ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਸ. ਕੁਲਬੀਰ ਸਿੰਘ ਜ਼ੀਰਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨਾਲ ਜੁੜੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਸਮਾਗਮ ਦੌਰਾਨ ਕਾਂਗਰਸੀ ਵਰਕਰਾਂ ਦੀ ਵੱਡੀ ਗਿਣਤੀ ਮੌਜੂਦ ਰਹੀ।