ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਨਿੱਘੀ ਸ਼ਰਧਾਂਜਲੀ
ਭਾਜਪਾ ਵੱਲੋਂ ਮੁੱਦਕੀ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਨਿੱਘੀ ਸ਼ਰਧਾਂਜਲੀ
Publish Date: Tue, 24 Mar 2026 03:46 PM (IST)
Updated Date: Tue, 24 Mar 2026 03:49 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਭਾਰਤੀ ਜਨਤਾ ਪਾਰਟੀ ਵੱਲੋਂ ਮੁੱਦਕੀ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਦੀ ਯੋਗ ਅਗਵਾਈ ਵਿਚ ਸੰਪੰਨ ਹੋਇਆ। ਸਮਾਗਮ ਦੌਰਾਨ ਭਾਜਪਾ ਵਰਕਰਾਂ ਅਤੇ ਆਗੂਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਂਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਬੱਬੂ ਭੈਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ, ਉਹ ਇਨ੍ਹਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਛੋਟੀ ਉਮਰ ਵਿਚ ਦੇਸ਼ ਦੀ ਖਾਤਰ ਹੱਸਦੇ-ਹੱਸਦੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਤਾਂ ਜੋ ਆਉਣ ਵਾਲੀਆਂ ਨਸਲਾਂ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਸਕਣ। ਸਮਾਗਮ ਵਿਚ ਮੌਜ਼ੂਦ ਆਗੂਆਂ ਨੇ ਸਾਂਝੇ ਤੌਰ ’ਤੇ ਪ੍ਰਣ ਲਿਆ ਕਿ ਉਹ ਸ਼ਹੀਦਾਂ ਵੱਲੋਂ ਦਰਸਾਏ ਮਾਰਗ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਚੱਲਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਤਿਆਗ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਸ਼ਰਧਾਂਜਲੀ ਸਮਾਗਮ ਵਿਚ ਪਵਨ ਕੁਮਾਰ ਗਰਗ ਸਾਬਕਾ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਰਾਜ ਕੁਮਾਰ ਚਾਵਲਾ, ਡਾ. ਵਿਨੋਦ ਕੁਮਾਰ ਅਤੇ ਮਹਿਲਾ ਵਿੰਗ ਫਿਰੋਜ਼ਪੁਰ ਦੀ ਮੀਤ ਪ੍ਰਧਾਨ ਇੰਦਰਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਗੁਰਵਿੰਦਰਪਾਲ ਸਿੰਘ ਕਾਲੀ, ਅਵਤਾਰ ਸਿੰਘ, ਰਾਜੇਸ਼ ਕੁਮਾਰ ਮਹਿਤਾ, ਗੁਰਭੇਜ ਸਿੰਘ ਭੇਜਾ, ਸੁੱਖੀ ਭੁੱਲਰ ਸਮੇਤ ਭਾਜਪਾ ਵਰਕਰਾਂ ਨੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।