ਸਾਉਣ ਮਹੀਨੇ ਨੂੰ ਸਮਰਪਿਤ ਬੀਕਾਨੇਰ ਮਿਸ਼ਠਾਨ ਭੰਡਾਰ ਨੇ ਮੰਦਰ ’ਚ ਲਗਾਏ ਬੂਟੇ ਸਾਉਣ ਮਹੀਨੇ ਨੂੰ ਸਮਰਪਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਬੀਕਾਨੇਰ ਮਿਸ਼ਠਾਨ ਭੰਡਾਰ ਵੱਲੋਂ ਪੌਦੇ ਲਗਾਏ
Publish Date: Sat, 05 Sep 2026 04:08 PM (IST)
Updated Date: Sat, 05 Sep 2026 04:10 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਮੁੱਦਕੀ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਾਉਣ ਦੇ ਪਵਿੱਤਰ ਮਹੀਨੇ ਨੂੰ ਸਮਰਪਿਤ ਅਤੇ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦਿੰਦਿਆਂ ਬੀਕਾਨੇਰ ਮਿਸ਼ਠਾਨ ਭੰਡਾਰ, ਮਾਹਲਾ ਚੌਕ ਮੁੱਦਕੀ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਬੀਕਾਨੇਰ ਪਰਿਵਾਰ ਦੇ ਮੈਂਬਰਾਂ ਵੱਲੋਂ ਮੰਦਰ ਦੀ ਸਾਫ-ਸਫਾਈ ਕਰਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਬੀਕਾਨੇਰ ਮਿਸ਼ਠਾਨ ਭੰਡਾਰ ਮੁੱਦਕੀ ਦੇ ਪੂਨਮ ਸਿੰਘ, ਸਰਵਣ ਸਿੰਘ, ਭੈਰੋਂ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਮੰਦਰ ਦੀ ਸਫਾਈ ਵਿੱਚ ਵੀ ਯੋਗਦਾਨ ਪਾਇਆ। ਸਫਾਈ ਕਾਰਜ ਪੂਰਾ ਹੋਣ ਉਪਰੰਤ ਮੰਦਰ ਦੇ ਆਲੇ-ਦੁਆਲੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ ਗਿਆ। ਇਸ ਦੌਰਾਨ ਪੂਨਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਮੁੱਦਕੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਸੀਤਲ ਕੁਮਾਰ ਅਗਰਵਾਲ, ਪੰਡਿਤ ਗੋਵਿੰਦ ਰਾਮ ਸਮੇਤ ਹੋਰ ਕਮੇਟੀ ਮੈਂਬਰਾਂ ਨੂੰ ਪੌਦੇ ਲਗਾਉਣ ਅਤੇ ਵਾਤਾਵਰਣ ਸੰਭਾਲ ਦੇ ਕਾਰਜਾਂ ਲਈ 5100 ਰੁਪਏ ਦੀ ਨਕਦ ਆਰਥਿਕ ਸਹਾਇਤਾ ਵੀ ਭੇਟ ਕੀਤੀ ਗਈ। ਪੌਦੇ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਨਮ ਸਿੰਘ ਨੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਰੁੱਖਾਂ ਅਤੇ ਪੌਦਿਆਂ ਦਾ ਬੇਹੱਦ ਮਹੱਤਵ ਹੈ। ਪੌਦੇ ਨਾ ਸਿਰਫ਼ ਸਾਨੂੰ ਆਕਸੀਜਨ ਅਤੇ ਸਾਫ਼ ਹਵਾ ਪ੍ਰਦਾਨ ਕਰਦੇ ਹਨ, ਸਗੋਂ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਦੇਖਦਿਆਂ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਪਰਿਵਾਰ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਵੇ ਅਤੇ ਉਸ ਦੀ ਨਿਯਮਤ ਦੇਖਭਾਲ ਵੀ ਕਰੇ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਮੁੱਦਕੀ ਅਤੇ ਆਲੇ-ਦੁਆਲੇ ਦੇ ਖੇਤਰ ਨੂੰ ਹਰਿਆ-ਭਰਿਆ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ।