ਫਿਰੋਜ਼ਪੁਰ ਰੇਲਵੇ ਮੰਡਲ ਦੀ ਵੱਡੀ ਸਫ਼ਲਤਾ
ਫਿਰੋਜ਼ਪੁਰ ਰੇਲਵੇ ਮੰਡਲ ਦੀ ਵੱਡੀ ਸਫ਼ਲਤਾ
Publish Date: Wed, 01 Apr 2026 06:33 PM (IST)
Updated Date: Wed, 01 Apr 2026 06:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਨੇ ਵਪਾਰਕ ਖੇਤਰ ਵਿਚ ਆਪਣੀ ਇਕ ਹੋਰ ਪ੍ਰਾਪਤੀ ਦਰਜ ਕੀਤੀ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਕੁਸ਼ਲ ਅਗਵਾਈ ਅਤੇ ਬਿਜ਼ਨਸ ਡਿਵੈਲਪਮੈਂਟ ਯੂਨਿਟਦੀ ਅਣਥੱਕ ਮਿਹਨਤ ਸਦਕਾ 31 ਮਾਰਚ 2026 ਨੂੰ ਫਿਲੌਰ ਸਥਿਤ ਕਾਨਕੋਰ ਟਰਮੀਨਲ ਤੋਂ ਬਾਸਮਤੀ ਚੌਲਾਂ ਨਾਲ ਲੱਦੀ 42 ਕੰਟੇਨਰਾਂ ਦੀ ਇਕ ਵਿਸ਼ੇਸ਼ ਰੇਕ ਰਵਾਨਾ ਕੀਤੀ ਗਈ। ਇਹ ਕਦਮ ਰੇਲਵੇ ਲਈ ਨਾ ਸਿਰਫ਼ ਆਰਥਿਕ ਪੱਖੋਂ ਫਾਇਦੇਮੰਦ ਸਾਬਤ ਹੋ ਰਿਹਾ ਹੈ, ਸਗੋਂ ਪੰਜਾਬ ਦੇ ਖੇਤੀ ਉਤਪਾਦਾਂ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਰੇਲਵੇ ਵੱਲੋਂ ਦਿੱਤੀਆਂ ਜਾ ਰਹੀਆਂ ਸੁਰੱਖਿਅਤ ਅਤੇ ਸਮਾਂਬੱਧ ਸੇਵਾਵਾਂ ਕਾਰਨ ਹੁਣ ਵੱਡੇ ਕਾਰੋਬਾਰੀ ਸੜਕੀ ਮਾਰਗ ਦੀ ਬਜਾਏ ਰੇਲਵੇ ਨੂੰ ਤਰਜੀਹ ਦੇ ਰਹੇ ਹਨ, ਜੋ ਕਿ ਉਦਯੋਗਿਕ ਵਿਕਾਸ ਲਈ ਇਕ ਸ਼ੁਭ ਸੰਕੇਤ ਹੈ।ਇਸ ਪ੍ਰਾਪਤੀ ਪਿੱਛੇ ਰੇਲਵੇ ਅਧਿਕਾਰੀਆਂ ਅਤੇ ਵੱਖ-ਵੱਖ ਸਟੇਕ ਹੋਲਡਰਾਂ ਵਿਚਕਾਰ ਹੋਇਆ ਬਿਹਤਰੀਨ ਤਾਲਮੇਲ ਰਿਹਾ ਹੈ। ਇਹ ਰੇਕ ਨੀਰਜ ਜੈਨ, ਪੰਕਜ ਜੈਨ ਅਤੇ ਸ੍ਰੀਨਿਵਾਸ ਰੋਡਵੇਜ਼ ਦੇ ਨਿਰੰਤਰ ਸਹਿਯੋਗ ਨਾਲ ਸੰਭਵ ਹੋ ਸਕੀ ਹੈ। ਇਸ ਰੇਕ ਵਿਚ ਸ਼ਾਮਲ 42 ਕੰਟੇਨਰ ਭਾਰਤ ਦੇ ਪ੍ਰਮੁੱਖ ਮਹਾਨਗਰਾਂ ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਲਈ ਭੇਜੇ ਗਏ ਹਨ। ਰੇਲਵੇ ਪ੍ਰਸ਼ਾਸਨ ਵੱਲੋਂ ਅਪਣਾਈ ਗਈ ‘ਡੋਰ-ਟੂ-ਡੋਰ’ ਸਰਵਿਸ ਅਤੇ ਕਿਫ਼ਾਇਤੀ ਭਾੜੇ ਦੀਆਂ ਨੀਤੀਆਂ ਨੇ ਵਪਾਰੀਆਂ ਵਿਚ ਨਵਾਂ ਉਤਸ਼ਾਹ ਭਰਿਆ ਹੈ। ਇਸ ਮਾਲ ਲਦਾਈ ਨਾਲ ਜਿੱਥੇ ਮੰਡਲ ਦੇ ਮਾਲ ਭਾੜੇ ਦੇ ਅੰਕੜਿਆਂ ਵਿਚ ਸੁਧਾਰ ਹੋਇਆ ਹੈ, ਉੱਥੇ ਹੀ ਰੇਲਵੇ ਦੇ ਖਜ਼ਾਨੇ ਵਿਚ ਵੀ ਮਾਲੀਆ ਜਮ੍ਹਾ ਹੋਇਆ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਮੰਡਲ ਵੱਲੋਂ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ 27 ਫਰਵਰੀ 2026 ਨੂੰ ਵੀ 52 ਕੰਟੇਨਰਾਂ ਵਾਲੀ ਇਕ ਵੱਡੀ ਰੇਕ ਫਿਲੌਰ ਤੋਂ ਰਵਾਨਾ ਕੀਤੀ ਗਈ ਸੀ। ਰੇਲਵੇ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਲਗਾਤਾਰ ਸਥਾਨਕ ਵਪਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਮਨੂ ਗਰਗ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨਵੇਂ ਗਾਹਕਾਂ ਨੂੰ ਰੇਲਵੇ ਨਾਲ ਜੋੜਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਵਪਾਰੀਆਂ ਦਾ ਵੱਧਦਾ ਵਿਸ਼ਵਾਸ ਹੀ ਸਾਡੀ ਅਸਲੀ ਸਫ਼ਲਤਾ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਮਾਲ ਢੋਆ-ਢੁਆਈ ਦੇ ਖੇਤਰ ਵਿਚ ਹੋਰ ਵੀ ਨਵੇਂ ਕੀਰਤੀਮਾਨ ਸਥਾਪਿਤ ਕਰਾਂਗੇ।