- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਪੁਰਾਣੀ ਤਲਵੰਡੀ ਰੋਡ ’ਤੇ ਸਵਿਫਟ ਅਤੇ ਥਾਰ ਗੱਡੀਆਂ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ-ਦੂਜੇ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੇ ਜਾਣ ਦੌਰਾਨ ਇੱਕ ਬੇਕਸੂਰ ਬਜ਼ੁਰਗ ਦੀ ਜਾਨ ਚਲੀ ਗਈ। ਆਪਣੇ ਪੋਤਰੇ ਅਤੇ ਪੋਤਰੀ ਨੂੰ ਟਿਊਸ਼ਨ ਤੋਂ ਲੈਣ ਗਏ 62 ਸਾਲਾ ਬਸੰਤ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਪਿੰਡ ਲਹਿਰਾ ਰੋਹੀ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਹਲਕਾ ਜ਼ੀਰਾ ਵਿੱਚ ਗੋਲੀ਼ਬਾਰੀ ਦੀਆਂ ਵਾਰਦਾਤਾਂ ਕਾਰਨ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਸ਼ਹਿਰ ਦੀ ਪੁਰਾਣੀ ਤਲਵੰਡੀ ਰੋਡ ’ਤੇ ਸਵਿਫਟ ਅਤੇ ਥਾਰ ਗੱਡੀਆਂ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ-ਦੂਜੇ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੇ ਜਾਣ ਦੌਰਾਨ ਇੱਕ ਬੇਕਸੂਰ ਬਜ਼ੁਰਗ ਦੀ ਜਾਨ ਚਲੀ ਗਈ। ਆਪਣੇ ਪੋਤਰੇ ਅਤੇ ਪੋਤਰੀ ਨੂੰ ਟਿਊਸ਼ਨ ਤੋਂ ਲੈਣ ਗਏ 62 ਸਾਲਾ ਬਸੰਤ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਪਿੰਡ ਲਹਿਰਾ ਰੋਹੀ
ਇਸ ਗੋਲ਼ੀਬਾਰੀ ਦੀ ਲਪੇਟ ਵਿੱਚ ਆ ਗਏ। ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਬਸੰਤ ਸਿੰਘ ਨੂੰ ਸਿਵਲ ਹਸਪਤਾਲ ਜ਼ੀਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ 5:30 ਵਜੇ ਆਪਣੇ ਭਤੀਜੇ ਦਾ ਫੋਨ ਆਇਆ। ਉਸ ਨੇ ਜਾਣਕਾਰੀ ਦਿੱਤੀ ਕਿ ਜ਼ੀਰਾ ਦੀ ਪੁਰਾਣੀ ਤਲਵੰਡੀ ਰੋਡ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਨੇੜੇ ਸਵਿਫਟ ਅਤੇ ਥਾਰ ਗੱਡੀਆਂ ਵਿੱਚ ਸਵਾਰ ਅਣਪਛਾਤੇ ਵਿਅਕਤੀ ਤਲਵੰਡੀ ਭਾਈ ਵਾਲੇ ਪਾਸਿਓਂ ਤੇਜ਼ ਰਫ਼ਤਾਰ ਨਾਲ ਆ ਰਹੇ ਸਨ ਅਤੇ ਇੱਕ-ਦੂਜੇ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦਾ ਭਤੀਜਾ ਵੀ ਗੋਲੀ ਲੱਗਣ ਤੋਂ ਵਾਲ-ਵਾਲ ਬਚਿਆ। ਬਲਦੇਵ ਸਿੰਘ ਜ਼ੀਰਾ ਅਨੁਸਾਰ, ਇਸ ਤੋਂ ਬਾਅਦ ਦੋਵੇਂ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਨੇੜੇ ਵੀ ਇੱਕ-ਦੂਜੇ ’ਤੇ ਫਾਇਰਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਸੜਕ ’ਤੇ ਮੌਜੂਦ ਬਸੰਤ ਸਿੰਘ ਦੇ ਪੇਟ ਵਿੱਚ ਗੋਲੀ ਲੱਗ ਗਈ। ਉਹ ਆਪਣੇ ਪੋਤਰੇ ਅਤੇ ਪੋਤਰੀ ਨੂੰ ਟਿਊਸ਼ਨ ਤੋਂ ਲੈਣ ਲਈ ਗਏ ਹੋਏ ਸਨ। ਉਨ੍ਹਾਂ ਦੇ ਦੋਵੇਂ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਗੋਲੀ ਲੱਗਣ ਕਾਰਨ ਬਸੰਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਣ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਗੁੰਡਾ ਅਨਸਰ ਕਥਿਤ ਤੌਰ ’ਤੇ ਨਾਜਾਇਜ਼ ਹਥਿਆਰਾਂ ਨਾਲ ਸ਼ਰੇਆਮ ਘੁੰਮ ਰਹੇ ਹਨ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਜਿਹੇ ਅਨਸਰਾਂ ’ਤੇ ਕਾਬੂ ਪਾਉਣ ਵਿੱਚ ਨਾਕਾਮ ਦਿਖਾਈ ਦੇ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 13 ਨਵੰਬਰ ਨੂੰ ਜ਼ੀਰਾ ਦੇ ਜੌਹਲ ਨਗਰ ਵਿਖੇ ਇੱਕ ਆਈ-20 ਗੱਡੀ ’ਤੇ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਹੁਣ ਪੁਰਾਣੀ ਤਲਵੰਡੀ ਰੋਡ ’ਤੇ ਵਾਪਰੀ ਇਸ ਘਟਨਾ ਨੇ ਮੁੜ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਬ-ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਬਸੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖਿਆ ਗਿਆ।