- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਾ ਸ਼ਹਿਰ ਵਿੱਚ ਉਸ ਸਮੇਂ ਹਲਚਲ ਮਚ ਗਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਸਵੇਰੇ ਤੜਕਸਾਰ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੀ ਫਿਰੋਜ਼ਪੁਰ-ਜੀਰਾ ਰੋਡ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ।

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਸ਼ਹਿਰ ਵਿੱਚ ਉਸ ਸਮੇਂ ਹਲਚਲ ਮਚ ਗਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਸਵੇਰੇ ਤੜਕਸਾਰ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੀ ਫਿਰੋਜ਼ਪੁਰ-ਜੀਰਾ ਰੋਡ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ।
ਸਵੇਰੇ ਕਰੀਬ 6-7 ਵਜੇ ਦੇ ਦਰਮਿਆਨ ਤਿੰਨ ਦੇ ਕਰੀਬ ਇਨੋਵਾ ਗੱਡੀਆਂ ਦੇ ਵਿੱਚ ਸੀਆਰਪੀਐਫ ਦੇ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਪਹੁੰਚੀ ਈਡੀ ਦੀ ਟੀਮ ਦੀ ਕਾਰਵਾਈ ਨਾਲ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਜਦੋਂ ਜ਼ਿਲ੍ਹਾ ਮੋਗਾ ਦੇ ਧਰਮਕੋਟ ਵਿਖੇ ਤਾਇਨਾਤ ਸੀ, ਉਸ ਸਮੇਂ ਉਸ ਨਾਲ ਸਬੰਧਤ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ 16 ਜੂਨ 2024 ਨੂੰ ਥਾਣਾ ਧਰਮਕੋਟ ਵਿਖੇ ਐੱਫਆਈਆਰ ਨੰਬਰ 101 ਦਰਜ ਕੀਤੀ ਗਈ ਸੀ।
ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਧਾਰਾ 420, 465, 467, 471 ਅਤੇ 120-ਬੀ ਆਈਪੀਸੀ ਤਹਿਤ ਦੋਸ਼ ਸ਼ਾਮਲ ਹਨ। ਮਾਮਲੇ ਦਾ ਇੱਕ ਹੋਰ ਅਹਿਮ ਪੱਖ ਇਹ ਵੀ ਹੈ ਕਿ ਨਵਦੀਪ ਸਿੰਘ ਨੂੰ 7 ਜੁਲਾਈ 2026 ਨੂੰ ਫਰੀਦਕੋਟ ਜੇਲ੍ਹ ਵਿੱਚੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਹੁਣ ਜੀਰਾ ਵਿਖੇ ਉਸ ਦੀ ਰਿਹਾਇਸ਼ 'ਤੇ ਈਡੀ ਦੀ ਕਾਰਵਾਈ ਨੇ ਪੁਰਾਣੇ ਮਾਮਲੇ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।
ਸੂਤਰਾਂ ਦੇ ਹਵਾਲੇ ਨਾਲ ਬੀਤੇ ਦਿਨੀ ਮੋਗਾ ਦੇ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਘਰ ਪਈ ਈਡੀ ਦੀ ਰੇਡ ਅਤੇ ਇਸ ਛਾਪੇਮਾਰੀ ਨੂੰ ਧਰਮਕੋਟ ਵਿਖੇ ਦਰਜ ਹੋਏ ਕਥਿਤ ਧੋਖਾਧੜੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਈਡੀ ਦੀ ਕਾਰਵਾਈ ਦੇ ਅਸਲ ਕਾਰਨਾਂ, ਜਾਂਚ ਦੇ ਦਾਇਰੇ ਅਤੇ ਛਾਪੇਮਾਰੀ ਦੌਰਾਨ ਮਿਲੇ ਵੇਰਵਿਆਂ ਬਾਰੇ ਅਧਿਕਾਰਤ ਪੁਸ਼ਟੀ ਸਾਹਮਣੇ ਆਉਣੀ ਅਜੇ ਬਾਕੀ ਹੈ। ਫਿਲਹਾਲ ਈਡੀ ਦੀ ਇਸ ਕਾਰਵਾਈ ਨੇ ਜੀਰਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਾਫ਼ੀ ਚਰਚਾ ਛੇੜ ਦਿੱਤੀ ਹੈ।