
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

2022 ਦੇ ਰੇਲਵੇ ਚਾਵਲ ਚੋਰੀ ਮਾਮਲੇ ’ਚ ਵੱਡੀ ਸਫਲਤਾ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਰੇਲਵੇ ਵਿਭਾਗ ਨਾਲ ਸਬੰਧਤ ਸਾਲ 2022 ਦੇ ਚਾਵਲ ਚੋਰੀ ਮਾਮਲੇ ਵਿਚ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਪੁਲਿਸ ਨੂੰ ਝਕਾਨੀ ਦੇ ਕੇ ਫਰਾਰ ਚੱਲ ਰਹੇ ਇਸ਼ਤਿਹਾਰੀ ਭਗੋੜੇ ਸਾਗਰ ਨੂੰ ਆਰਪੀਐੱਫ ਫਿਰੋਜ਼ਪੁਰ ਦੀ ਟੀਮ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਘਟਨਾ ਸਾਲ 2022 ਦੀ ਹੈ, ਜਦੋਂ ਰੇਲਵੇ ਦੇ ਮਾਲਗੱਡੀ ਦੇ ਡੱਬਿਆਂ ਵਿੱਚੋਂ ਚਾਵਲ ਚੋਰੀ ਕਰਨ ਦੀ ਇਕ ਵੱਡੀ ਵਾਰਦਾਤ ਸਾਹਮਣੇ ਆਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਾਗਰ ਪੁੱਤਰ ਮਲਕੀਤ ਸਿੰਘ ਅਤੇ ਉਸ ਦੇ ਕੁਝ ਹੋਰ ਸਾਥੀਆਂ ਖ਼ਿਲਾਫ਼ ਰੇਲਵੇ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਚੋਰੀ ਦੇ ਮਾਮਲੇ ਵਿਚ ਸ਼ਾਮਲ ਮੁੱਖ ਦੋਸ਼ੀਅਨ ਵਿੱਚੋਂ ਸਾਗਰ ਪੁਲਿਸ ਦੀਆਂ ਨਜ਼ਰਾਂ ਤੋਂ ਲਗਾਤਾਰ ਬਚਦਾ ਆ ਰਿਹਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਆਰਪੀਐੱਫ ਦੇ ਐੱਸਐੱਚਓ. ਨਵਲ ਸਿੰਘ ਨੇ ਦੱਸਿਆ ਕਿ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਲਗਾਤਾਰ ਅਦਾਲਤੀ ਕਾਰਵਾਈ ਤੋਂ ਭੱਜ ਰਿਹਾ ਸੀ। ਉਹ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਨਾ ਤਾਂ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਰਿਹਾ ਸੀ ਅਤੇ ਨਾ ਹੀ ਮਾਨਯੋਗ ਅਦਾਲਤ ਵਿੱਚ ਪੇਸ਼ ਹੋ ਰਿਹਾ ਸੀ। ਮੁਲਜ਼ਮ ਵੱਲੋਂ ਅਦਾਲਤ ਦੇ ਹੁਕਮਾਂ ਦੀ ਨਿਰੰਤਰ ਉਲੰਘਣਾ ਕਰਨ ’ਤੇ ਅਦਾਲਤ ਨੇ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕ-ਛਿਪ ਕੇ ਰਹਿ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਭਗੋੜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਐੱਸਐੱਚਓ ਨਵਲ ਸਿੰਘ ਨੇ ਅੱਗੇ ਦੱਸਿਆ ਕਿ ਆਰਪੀਐੱਫ ਦੀ ਟੀਮ ਲਗਾਤਾਰ ਉਸ ਦੀ ਪੈੜ ਨੱਪਣ ਵਿਚ ਲੱਗੀ ਹੋਈ ਸੀ। ਅੱਜ ਪੁਲਿਸ ਨੂੰ ਇਕ ਮੁਖਬਰ ਖਾਸ ਤੋਂ ਸੂਚਨਾ ਮਿਲੀ ਕਿ ਇਸ਼ਤਿਹਾਰੀ ਭਗੋੜਾ ਸਾਗਰ ਆਪਣੇ ਘਰ ਆਇਆ ਹੋਇਆ ਹੈ। ਸੂਚਨਾ ਮਿਲਦਿਆਂ ਹੀ ਆਰਪੀਐੱਫ ਦੀ ਟੀਮ ਨੇ ਤੁਰੰਤ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ। ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਸਾਗਰ ਨੂੰ ਉਸ ਦੇ ਘਰੋਂ ਹੀ ਦਬੋਚਿਆ ਅਤੇ ਹਿਰਾਸਤ ਵਿਚ ਲੈ ਲਿਆ। ਆਰਪੀਐੱਫ ਅਧਿਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਭਗੋੜੇ ਸਾਗਰ ਖ਼ਿਲਾਫ਼ ਅਗਲੇਰੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਉਸ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਅੱਜ ਹੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਦਾਲਤੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਦੇ ਹੁਕਮਾਂ ਅਨੁਸਾਰ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਜਾਵੇਗਾ।