ਕਿਸਾਨੀ ਸੰਕਟ, ਨਸ਼ਾ ਪਾਣੀ ਦੀ ਬਰਬਾਦੀ ਦੇ ਮੁੱਦੇ ਰਾਜਪਾਲ ਕੋਲ ਚੁੱਕੇ
ਕਿਸਾਨੀ ਸੰਕਟ,ਪਾਣੀ ਦੀ ਬਰਬਾਦੀ ਤੇ ਨਸ਼ਿਆਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਰਾਜਪਾਲ ਪੰਜਾਬ ਨਾਲ ਕੀਤੀ ਗੱਲਬਾਤ
Publish Date: Fri, 13 Feb 2026 03:38 PM (IST)
Updated Date: Fri, 13 Feb 2026 03:42 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਜੱਥੇਬੰਦੀ ਨੇ ਪੰਜਾਬ ਦੇ ਭਵਿੱਖ ਨਾਲ ਜੁੜੇ ਤਿੰਨ ਸਭ ਤੋਂ ਗੰਭੀਰ ਮਸਲਿਆਂ ਖ਼ਰਾਬ ਪਾਣੀ,ਕਰਜ਼ੇ ਵਿੱਚ ਡੁੱਬੀ ਕਿਸਾਨੀ ਅਤੇ ਨਸ਼ਿਆਂ ਦੀ ਤਬਾਹੀ ਵੱਲ ਪੰਜਾਬ ਦੇ ਰਾਜਪਾਲ ਦਾ ਧਿਆਨ ਦਿਵਾਇਆ। ਮੀਟਿੰਗ ਦੌਰਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ, ਜਿਸ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਿਹਤ ਨਹੀਂ,ਸਗੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ। ਇਸ ਲਈ ਕੇਂਦਰ ਸਰਕਾਰ ਤੁਰੰਤ ਵਿਸ਼ੇਸ਼ ਯੋਜਨਾ ਲਿਆਏ। ਕਿਸਾਨੀ ਮੋਰਚੇ ’ਤੇ ਉਨ੍ਹਾਂ ਦੱਸਿਆ ਕਿ ਛੋਟੇ ਤੇ ਮੱਧਮ ਕਿਸਾਨ ਫ਼ਸਲਾਂ ਦੇ ਢੁਕਵੇਂ ਮੁੱਲ ਨਾ ਮਿਲਣ ਕਾਰਨ ਭਾਰੀ ਕਰਜ਼ੇ ਹੇਠ ਦਬੇ ਹੋਏ ਹਨ। ਬਹੁਤੇ ਪਰਿਵਾਰਾਂ ਲਈ ਕਰਜ਼ਾ ਵਾਪਸ ਕਰਨਾ ਅਸੰਭਵ ਬਣ ਗਿਆ ਹੈ। ਭਾਕਿਯੂ ਨੇ ਕਿਸਾਨ ਕਰਜ਼ਾ ਮਾਫ਼ੀ ਲਈ ਤੁਰੰਤ ਫੈਸਲਾ ਕਰਨ ਦੀ ਮੰਗ ਰੱਖੀ। ਨਸ਼ਿਆਂ ਦੇ ਮਸਲੇ ’ਤੇ ਸੰਧੂ ਨੇ ਕਿਹਾ ਕਿ ਇਹ ਪੰਜਾਬ ਦੀ ਜਵਾਨੀ ਨੂੰ ਅੰਦਰੋਂ ਖਾ ਰਿਹਾ ਹੈ। ਸਰਕਾਰੀ ਉਪਰਾਲਿਆਂ ਦੇ ਬਾਵਜੂਦ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ, ਜੋ ਚਿੰਤਾਜਨਕ ਹੈ। ਉਨ੍ਹਾਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ “ਰੰਗਲਾ ਪੰਜਾਬ” ਮੁੜ ਬਣਾਉਣ ਦਾ ਸੰਦੇਸ਼ ਦਿੱਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਭਾਕਿਯੂ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਏ ਗਏ ਸਾਰੇ ਮੁੱਦੇ ਕੇਂਦਰ ਸਰਕਾਰ ਤੱਕ ਪਹੁੰਚਾਏ ਜਾਣਗੇ ਅਤੇ ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ, ਗੈਰੀ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਗੁਰਵਿੰਦਰ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਪੰਜਾਬ ਅਤੇ ਗੁਰਪ੍ਰੀਤ ਸਿੰਘ ਪੀਰ ਮੁਹੰਮਦ ਯੂਥ ਆਗੂ ਵੀ ਹਾਜ਼ਰ ਸਨ।