ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜ਼ੀਰਾ ਫੇਰੀ ਦੌਰਾਨ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਵਿਰੋਧ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਜ਼ੀਰਾ ਫੇਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਡਟ ਕੇ ਕੀਤਾ ਵਿਰੋਧ
Publish Date: Sun, 06 Sep 2026 04:18 PM (IST)
Updated Date: Sun, 06 Sep 2026 04:19 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੀ ਫੇਰੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਮਿਸ਼ਨ ਸਤਲੁਜ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਲਹਿਰਾ ਰੋਹੀ ਤੋਂ ਲੈ ਕੇ ਦਾਣਾ ਮੰਡੀ ਜ਼ੀਰਾ ਤੱਕ ਰੋਸ ਮਾਰਚ ਕੱਢਿਆ ਅਤੇ ਆਪ ਸਰਕਾਰ ਟਰਾਲੀ ਚੋਰ ਦੇ ਨਾਹਰੇ ਲਾਏ ਗਏ। ਆਗੂਆਂ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਵਿਰੋਧੀ ਸਾਬਤ ਹੋ ਚੁੱਕੀ ਹੈ।ਸਮਾਜ ਦੇ ਸਾਰੇ ਤਬਕੇ ਅੱਜ ਸੰਘਰਸ਼ਾਂ ਦੇ ਮੈਦਾਨ ਵਿੱਚ ਹਨ। ਸਰਕਾਰ ਡੰਡੇ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ ਤੇ ਲੋਕ ਆਪਣੇ ਸੰਘਰਸ਼ਾਂ ਨਾਲ ਸਰਕਾਰ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ।ਆਗੂਆਂ ਨੇ ਆਖਿਆ ਕਿ ਜਿੰਨੀ ਦੇਰ ਸ਼ੰਭੂ ਖੰਨੋਰੀ ਬਾਡਰਾਂ ਤੋਂ ਚੋਰੀ ਕੀਤਾ ਸਮਾਨ ਵਾਪਿਸ ਨਹੀਂ ਕੀਤਾ ਜਾਂਦਾ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਨਾ ਮੰਨੀਆਂ ਗਈਆਂ ਉਦੋਂ ਤੱਕ ਆਮ ਆਦਮੀ ਨੂੰ ਚੈਨ ਨਾਲ ਕੋਈ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਵੇਗਾ।ਆਗੂਆਂ ਵੱਲੋਂ ਸੇਰੋਂ ਪਿੰਡ ਦੇ ਨੋਜਵਾਨ ਮੋਹਨਜੀਤ ਤੇ ਕੀਤੇ ਜਬਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅੱਜ ਦੇ ਵਿਰੋਧ ਪ੍ਰਦਰਸ਼ਨ ਵਿੱਚ ਮਿਸਲ ਸਤਲੁਜ ਦੇ ਦਵਿੰਦਰ ਸਿੰਘ ਸੇਖੋਂ, ਜਨਰਲ ਸਕੱਤਰ ਪੰਜਾਬ ਮਾਨ ਸਿੰਘ ਕਿਲੀ, ਧਾਰਮਿਕ ਵਿੰਗ ਦੇ ਪ੍ਰਧਾਨ ਰਣਪਿੰਦਰਜੀਤ ਸਿੰਘ ਗੋਲਡੀ, ਹਰਜਿੰਦਰ ਸਿੰਘ ਸਹੋਤਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਗੁਰਭਾਗ ਸਿੰਘ ਮਰੂੜ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਗੁਲਜ਼ਾਰ ਸਿੰਘ, ਜਗਰਾਜ ਸਿੰਘ, ਸੰਘਰਸ਼ ਕਮੇਟੀ ਵੱਲੋਂ ਅਮਨਦੀਪ ਸਿੰਘ ਕੱਚਰਭੰਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਰੇਸ਼ਮ ਸਿੰਘ ਰਟੌਲ,ਸੰਦੀਪ ਸਿੰਘ ਪੰਡੋਰੀ ਖੱਤਰੀਆਂ ਨੇ ਸੰਬੋਧਨ ਕੀਤਾ।