ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਅੱਗੇ ਅਨਿਸ਼ਚਿਤ ਸਮੇਂ ਲਈ ਧਰਨਾ ਸ਼ੁਰੂ
Publish Date: Mon, 28 Sep 2026 05:49 PM (IST)
Updated Date: Mon, 28 Sep 2026 05:51 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫ਼ਰੀਦੇਵਾਲਾ ਦੀ ਅਗਵਾਈ ਹੇਠ ਆਪਣੀਆਂ 11 ਪ੍ਰਮੁੱਖ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਅੱਗੇ ਵਿਸ਼ਾਲ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨੇ ਦੇ ਪਹਿਲੇ ਦਿਨ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਧਰਨੇ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋ ਰਹੀਆਂ ਹਨ, ਪਰ ਪੁਲਿਸ ਵੱਲੋਂ ਪੀੜਤਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਡੀ.ਏ.ਪੀ. ਖ਼ਾਦ ਦੀ ਕਾਲਾਬਾਜ਼ਾਰੀ ਜ਼ੋਰਾਂ ਤੇ ਹੈ, ਪਰਾਲੀ ਦੇ ਪੱਕੇ ਹੱਲ ਦੀ ਥਾਂ ਕਿਸਾਨਾਂ ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅਤੇ ਸਮਾਰਟ ਮੀਟਰ ਨਾ ਲਗਵਾਉਣ ਵਾਲੇ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਹਨ। ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਬਾਸਮਤੀ ਦੀ ਖ਼ਰੀਦ ਵੇਲੇ ਵਪਾਰੀਆਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ। ਉਨ੍ਹਾਂ ਨੇ ਹਥਿਆਰਾਂ ਦੇ ਲਾਇਸੈਂਸਾਂ ਤੇ ਲਗਾਈ ਪਾਬੰਦੀ ਹਟਾਉਣ, ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸੋਲਰ ਸਿਸਟਮ ਦੇਣ, ਲੈਂਡ ਮਾਰਕਿਟ ਬੈਂਕ ਤੇ ਕੋਆਪ੍ਰੇਟਿਵ ਬੈਂਕਾਂ ਦੀ ਵਨ-ਟਾਈਮ ਸੈਟਲਮੈਂਟ (ਓਟੀਟੈੱਸ) ਸਕੀਮ ਲਾਗੂ ਕਰਨ ਅਤੇ ਪਿੰਡ ਮਨਸੂਰਵਾਲ ਦੇ ਵਿਅਕਤੀ ਦੇ ਕਤਲ ਦਾ ਇਨਸਾਫ਼ ਲੈਣ ਸਮੇਤ 11 ਮੰਗਾਂ ਦਾ ਮੁੱਦਾ ਚੁੱਕਿਆ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਧਰਨਾ ਨਿਰੰਤਰ ਜਾਰੀ ਰਹੇਗਾ। ਧਰਨੇ ਦੇ ਪਹਿਲੇ ਦਿਨ ਗੁਰਭਾਗ ਸਿੰਘ ਮਰੂੜ, ਜਗਰਾਜ ਸਿੰਘ ਫ਼ੇਰੋ ਕੇ, ਬੋਹੜ ਸਿੰਘ ਧੀਰਾ ਘਾਰਾ, ਰਤਨ ਸਿੰਘ ਭਾਗਰ, ਚਰਨਜੀਤ ਸਿੰਘ ਬੱਲ, ਬਚਿੱਤਰ ਸਿੰਘ ਫ਼ਰੀਦੇਵਾਲਾ ਅਤੇ ਗੁਲਜ਼ਾਰ ਸਿੰਘ ਗੋਗੋਆਣੀ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।