ਬੀਕੇਯੂ ਕ੍ਰਾਂਤੀਕਾਰੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ, ਜੀਟੀ ਰੋਡ ਕੀਤਾ ਜਾਮ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਫ਼ਿਰੋਜ਼ਪੁਰ ਡੀ.ਸੀ. ਦਫ਼ਤਰ ਅੱਗੇ ਜ਼ੋਰਦਾਰ ਧਰਨਾ, ਜੀ.ਟੀ. ਰੋਡ ਕੀਤਾ ਜਾਮ
Publish Date: Fri, 02 Oct 2026 05:28 PM (IST)
Updated Date: Fri, 02 Oct 2026 05:31 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਵੱਲੋਂ ਅੱਜ ਸੂਬਾ ਆਗੂ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਪਣੀਆਂ ਲਮਕਦੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਰੋਸ਼ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਜੀ.ਟੀ. ਰੋਡ ’ਤੇ ਜਾਮ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਤਹਿਸੀਲਦਾਰ ਹਰਿੰਦਰ ਸਿੰਘ ਬੇਦੀ ਨੂੰ ਇਕ ਮੰਗ ਪੱਤਰ ਸੌਂਪਦਿਆਂ ਕਿਸਾਨਾਂ ਅਤੇ ਆਮ ਲੋਕਾਂ ਨਾਲ ਜੁੜੇ ਭਖਦੇ ਮੁੱਦਿਆਂ ’ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਪੱਤਰ ਵਿੱਚ ਪ੍ਰਮੁੱਖ ਤੌਰ ’ਤੇ ਮੰਗ ਕੀਤੀ ਗਈ ਕਿ ਪਿੰਡ ਭਾਂਗਰ, ਸੱਪਾਂ ਵਾਲੀ ਅਤੇ ਹੋਰ ਇਲਾਕਿਆਂ ਵਿੱਚੋਂ ਮੋਟਰਾਂ ਦੀ ਵੱਡੀ ਪੱਧਰ ’ਤੇ ਹੋ ਰਹੀ ਚੋਰੀ ਨੂੰ ਰੋਕਿਆ ਜਾਵੇ ਅਤੇ ਚੋਰੀ ਦਾ ਮਾਲ ਖ਼ਰੀਦਣ ਵਾਲੇ ਕਬਾੜੀਆਂ ’ਤੇ ਬਿਨਾਂ ਖਾਨਾਪੂਰਤੀ ਦੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿਚ ਡੀ.ਏ.ਪੀ. ਖ਼ਾਦ ਦੀ ਕਾਲਾਬਾਜ਼ਾਰੀ ਰੋਕਣ ਲਈ ਦੋਸ਼ੀ ਡੀਲਰਾਂ ਦੇ ਲਾਇਸੈਂਸ ਰੱਦ ਕਰਨ, ਪਰਾਣੀ ਦੇ ਹੱਲ ਲਈ ਗੁਰਦੁਆਰਾ ਸਾਹਿਬਾਨ ਤੋਂ ਅਵਾਜ਼ਾਂ ਦੇ ਕੇ ਕੇਸ ਦਰਜ ਕਰਨ ਦੀਆਂ ਧਮਕੀਆਂ ਬੰਦ ਕਰਨ ਅਤੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਗਈ। ਕਿਸਾਨਾਂ ਨੂੰ ਵਪਾਰੀਆਂ ਦੀ ਲੁੱਟ ਤੋਂ ਬਚਾਉਣ ਲਈ ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਤੈਅ ਕਰਨ ਅਤੇ ਮਾਰਕੀਟ ਕਮੇਟੀ ਦੀ ਹਾਜ਼ਰੀ ਵਿਚ ਬੋਲੀ ਯਕੀਨੀ ਬਣਾਉਣ ਬਾਰੇ ਵੀ ਕਿਹਾ ਗਿਆ। ਬਿਜਲੀ ਅਤੇ ਹੋਰ ਮੁੱਦਿਆਂ ਬਾਰੇ ਕਿਸਾਨਾਂ ਨੇ ਸਮਾਰਟ ਮੀਟਰ ਲਗਾਉਣੇ ਬੰਦ ਕਰਨ, ਉਤਾਰੇ ਗਏ ਮੀਟਰਾਂ ਵਾਲੇ ਖ਼ਪਤਕਾਰਾਂ ਨੂੰ ਮਕੇਨੀਕਲ ਮੀਟਰ ਲਗਾਉਣ ਤੱਕ ਆਰਜ਼ੀ ਸਪਲਾਈ ਦੇਣ ਅਤੇ ਕਨੈਕਸ਼ਨ ਕੱਟਣੇ ਬੰਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਕਰਨ, ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਸਬਸਿਡੀ ’ਤੇ ਸੋਲਰ ਸਿਸਟਮ ਦੇਣ, ਦਰਿਆਵਾਂ ਦੀ ਖਲਾਈ ਕਰਵਾਉਣ ਅਤੇ ਲੈਂਡ ਮਾਰਕਿਜ ਤੇ ਕੋਆਪ੍ਰੇਟਿਵ ਬੈਂਕਾਂ ਲਈ ਵਨ-ਟਾਈਮ ਸੈਟਿੰਗ (ਓ.ਟੀ.ਐੱਸ.) ਸਕੀਮ ਲਿਆਉਣ ਦੀ ਪੁਰਜ਼ੋਰ ਵਕਾਲਤ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਪਿੰਡ ਮਨਸੂਰਵਾਲ ਵਿਖੇ ਹੋਏ ਕਤਲ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਅਲੀਪੁਰ (ਜੀਰਾ) ਦੇ ਕਿਸਾਨ ਸੁਖਵਿੰਦਰ ਸਿੰਘ ਨਾਲ ਠੱਗ ਏਜੰਟ ਵੱਲੋਂ ਕੀਤੀ ਲੱਖਾਂ ਰੁਪਏ ਦੀ ਠੱਗੀ ਮਾਮਲੇ ਵਿਚ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ’ਤੇ ਜਲਦ ਅਮਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਧਰਨੇ ’ਚ ਪਹੁੰਚੇ ਤਹਿਸੀਲਦਾਰ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਕਰਵਾ ਦੇਣਗੇ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਨੇ ਤਹਿਸੀਲਦਾਰ ਵੱਲੋਂ ਭਰੋਸਾ ਦਿਵਾਉਣ ’ਤੇ ਉਨ੍ਹਾਂ ਨੇ ਜੀਟੀ ਰੋਡ ’ਤੇ ਲਗਾਇਆ ਹੋਇਆ ਜਾਮ ਖਤਮ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਕਿਸਾਨ ਆਗੂ ਹਾਜ਼ਰ ਸਨ।