
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮਾਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਪੰਜਾਬ ਸਰਕਾਰ ’ਤੇ ਮੰਨੀਆਂ ਮੰਗਾਂ ਤੋਂ ਪੱਲਾ ਝਾੜਨ ਅਤੇ ਵਾਅਦਾ ਖਿਲਾਫੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਨੇ ਵਾਅਦੇ ਤੋੜਨ ’ਚ ਪਿਛਲੇ ਸਾਰੇ ਹਾਕਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕਿਸਾਨਾਂ ਵੱਲੋਂ ਮੰਗਾਂ ਨਾ ਮੰਨਣ ਅਤੇ ਗ੍ਰਿਫ਼ਤਾਰੀਆਂ ਦੇ ਰੋਸ ਵਜੋਂ ਫਿਰੋਜ਼ਪੁਰ-ਫਾਜ਼ਿਲਕਾ ਨੈਸ਼ਨਲ ਹਾਈਵੇਅ ਜਾਮ ਕਰਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਕਿਸਾਨ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਵੀ ਕੋਈ ਕਿਸਾਨ ਖੇਤੀ ਕਰਜ਼ੇ ਲਈ ਲਿਮਿਟ ਬਣਾਉਂਦਾ ਹੈ ਤਾਂ ਲੈਂਡ ਮੋਰਗੇਜ ਬੈਂਕ ਵੱਲੋਂ ਕਰਜ਼ੇ ਦੀ ਰਕਮ ਤੋਂ ਵੱਧ ਕੀਮਤ ਦੀ ਜ਼ਮੀਨ ਬੈਂਕ ਦੇ ਨਾਂ ਆੜ ਰਹਿਣ (ਗਹਿਣੇ) ਦਰਜ ਕਰਵਾ ਲਈ ਜਾਂਦੀ ਹੈ। ਰਿਜ਼ਰਵ ਬੈਂਕ ਦੀਆਂ ਹਦਾਇਤਾਂ ਮੁਤਾਬਿਕ ਜ਼ਮੀਨ ਗਹਿਣੇ ਹੋਣ ਤੋਂ ਬਾਅਦ ਕਿਸਾਨਾਂ ਤੋਂ ਖਾਲੀ ਚੈੱਕ ਨਹੀਂ ਲਏ ਜਾ ਸਕਦੇ। ਇਸ ਦੇ ਬਾਵਜੂਦ ਲੈਂਡ ਮੋਰਗੇਜ ਬੈਂਕਾਂ ਵੱਲੋਂ ਕਿਸਾਨਾਂ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਖਾਲੀ ਚੈੱਕ ਲਏ ਗਏ ਅਤੇ ਬੈਂਕ ਅਧਿਕਾਰੀਆਂ ਵੱਲੋਂ ਇਨ੍ਹਾਂ ਚੈੱਕਾਂ ਦੀ ਵਰਤੋਂ ਕਰਕੇ ਧੋਖਾਧੜੀ ਕੀਤੀ ਗਈ। ਸਰਕਾਰ ਨੇ ਮੀਟਿੰਗਾਂ ਦੌਰਾਨ ਇਹ ਧੱਕੇਸ਼ਾਹੀ ਮੰਨੀ ਸੀ, ਪਰ ਇਸ ਦੇ ਬਾਵਜੂਦ ਭ੍ਰਿਸ਼ਟ ਅਫ਼ਸਰਾਂ ਨੂੰ ਬਚਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਪੀਏਡੀਬੀ ਬੈਂਕ ਵੱਲੋਂ ਲਏ ਗਏ ਕਿਸਾਨਾਂ ਦੇ ਖਾਲੀ ਚੈੱਕ ਤੁਰੰਤ ਵਾਪਸ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਦੂਜੇ ਪ੍ਰਾਈਵੇਟ ਬੈਂਕਾਂ ਦੀ ਤਰਜ਼ ’ਤੇ ਲੈਂਡ ਮੋਰਗੇਜ ਬੈਂਕਾਂ ਵਿਚ ਵੀ ‘ਵਨ ਟਾਈਮ ਸੈਟਲਮੈਂਟ’ (ਓਟੀਐੱਸ) ਸਕੀਮ ਲਾਗੂ ਕੀਤੀ ਜਾਵੇ। ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ 29 ਅਗਸਤ ਨੂੰ ਫਰੀਦਕੋਟ ਲੈਂਡ ਮੋਰਗੇਜ ਬੈਂਕ ਅੱਗੇ ਚੱਲ ਰਹੇ ਧਰਨੇ ਵਿਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਮੰਗਾਂ ਲਾਗੂ ਕਰਨ ਦੀ ਬਜਾਏ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਧੱਕੇਸ਼ਾਹੀ ਦੇ ਰੋਸ ਵਜੋਂ ਸਾਬਕਾ ਬਲਾਕ ਪ੍ਰਧਾਨ ਮਮਦੋਟ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਨੇ ਫਿਰੋਜ਼ਪੁਰ-ਫਾਜ਼ਿਲਕਾ ਨੈਸ਼ਨਲ ਹਾਈਵੇਅ ’ਤੇ ਗੁਰਦੁਆਰਾ ਪ੍ਰਗਟ ਸਾਹਿਬ ਨੇੜੇ ਦੁਪਹਿਰ 2 ਵਜੇ ਆਵਾਜਾਈ ਮੁਕੰਮਲ ਠੱਪ ਕਰ ਦਿੱਤੀ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਿੰਨ੍ਹਾਂ ਚਿਰ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਖਾਲੀ ਚੈੱਕ ਵਾਪਸ ਨਹੀਂ ਹੁੰਦੇ ਅਤੇ ਓਟੀਐੱਸ ਸਕੀਮ ਲਾਗੂ ਨਹੀਂ ਹੁੰਦੀ, ਓਨਾ ਚਿਰ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ।