ਸਾਵਧਾਨ! ਪ੍ਰਸ਼ਾਦ ਦੇ ਪਤਾਸਿਆਂ ’ਚ ਵਰਤਿਆ ਜਾਂਦਾ ‘ਸਟੋਨ ਪਾਊਡਰ’ ਪਤਾਸਿਆਂ ’ਚ ਵਰਤਿਆ ਜਦੋਂ ਹੈ ਸਟੋਨ ਪਾਊਡਰ !
Publish Date: Wed, 11 Nov 2026 06:31 PM (IST)
Updated Date: Wed, 11 Nov 2026 06:33 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਮਿਲਾਵਟਖੋਰੀ ਖਿਲਾਫ ਕਾਰਵਾਈ ਦੌਰਾਨ ਫੂਡ ਸੇਫਟੀ ਵਿਭਾਗ ਦੇ ਸਾਹਮਣੇ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।ਇਸ ਦੌਰਾਨ ਕੁੱਝ ਪਤਾਸਿਆਂ ਵਾਲੀਆਂ ਫੈਕਟਰੀਆਂ ਵਿੱਚ ‘ਸਟੋਨ ਪਾਊਡਰ’ ਦੀਆਂ 40 ਕਿੱਲੋ ਦੀਆਂ ਬੋਰੀਆਂ ਬਰਾਮਦ ਹੋਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ।ਹਾਲਾਂਕਿ ਇਸ ਸਬੰਧੀ ਕਾਰਵਾਈ ਬਾਰੇ ਫਿਲਹਾਲ ਫੂਡ ਸੇਫਟੀ ਵਿਭਾਗ ਵੱਲੋਂ ਚੁੱਪ ਵੱਟੀ ਹੋਈ ਹੈ ,ਪਰ ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਵਿੱਚ ਪ੍ਰਸ਼ਾਦ ਵਜੋਂ ਵੰਡੇ ਜਾਣ ਵਾਲੇ ਪਤਾਸਿਆਂ ਦੀ ਤਿਆਰੀ ਵਿੱਚ ਵਰਤੇ ਜਾ ਰਹੇ ਇਕ ਖਣਿਜ ਪਾਊਡਰ ਨੇ ਖੁਰਾਕ ਸੁਰੱਖਿਆ ਨੂੰ ਲੈ ਕੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਫੂਡ ਸੇਫਟੀ ਵਿਭਾਗ ਵੱਲੋਂ ਕੀਤੀ ਜਾਂਚ ਦੌਰਾਨ ‘ਸਟੋਨ ਪਾਊਡਰ’ ਵਜੋਂ ਚਰਚਾ ਵਿੱਚ ਆਏ ਇਸ ਪਦਾਰਥ ਦੀ ਬੋਰੀ ਮਿਲੀ ਹੈ, ਜਿਸ ’ਤੇ ‘ਟੈਲਕ’ ਅਤੇ ‘ਊਦੇਪੁਰ ਮਿਨਰਲ ਡਿਵੈਲਪਮੈਂਟ ਸਿੰਡੀਕੇਟ ਪ੍ਰਾਈਵੇਟ ਲਿਮਟਿਡ’ ਲਿਖਿਆ ਹੋਇਆ ਹੈ। ਵਿਭਾਗ ਹੁਣ ਇਸ ਦੀ ਖੁਰਾਕ ਵਿੱਚ ਵਰਤੋਂ ਲਈ ਯੋਗਤਾ, ਗੁਣਵੱਤਾ ਅਤੇ ਸਪਲਾਈ ਨੈੱਟਵਰਕ ਦੀ ਜਾਂਚ ਕਰ ਰਿਹਾ ਹੈ।ਮੁੱਢਲੀ ਜਾਣਕਾਰੀ ਅਨੁਸਾਰ ਪਤਾਸੇ ਤਿਆਰ ਕਰਨ ਸਮੇਂ ਇਸ ਪਾਊਡਰ ਦੀ ਵਰਤੋਂ ਉਨ੍ਹਾਂ ਨੂੰ ਆਪਸ ਵਿੱਚ ਚਿਪਕਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ। ਇਹ ਪਾਊਡਰ 40 ਕਿਲੋਗ੍ਰਾਮ ਦੀਆਂ ਬੋਰੀਆਂ ਵਿੱਚ ਵੇਚਿਆ ਜਾ ਰਿਹਾ ਹੈ। ਮਾਮਲੇ ਦੀ ਗੰਭੀਰਤਾ ਇਸ ਕਰਕੇ ਵੀ ਵਧ ਜਾਂਦੀ ਹੈ ਕਿ ਪਤਾਸੇ ਸਿਰਫ਼ ਮਿਠਾਈ ਨਹੀਂ, ਸਗੋਂ ਧਾਰਮਿਕ ਆਸਥਾ ਨਾਲ ਜੁੜਿਆ ਪ੍ਰਸ਼ਾਦ ਹਨ। ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਨ੍ਹਾਂ ਦਾ ਸੇਵਨ ਕਰਦੇ ਹਨ। ਅਜਿਹੇ ਵਿੱਚ ਇਨ੍ਹਾਂ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਹਰ ਪਦਾਰਥ ਦਾ ਖੁਰਾਕ ਲਈ ਮਨਜ਼ੂਰਸ਼ੁਦਾ ਅਤੇ ਸੁਰੱਖਿਅਤ ਹੋਣਾ ਲਾਜ਼ਮੀ ਹੈ। ਫੂਡ ਗ੍ਰੇਡ ਹੋਣ ਦੀ ਪੁਸ਼ਟੀ ਤੋਂ ਬਿਨਾਂ ਕੋਈ ਵੀ ਪਾਊਡਰ ਨਾ ਵਰਤਿਆ ਜਾਵੇ : ਅਭਿਨਵ ਖੋਸਲਾ ਫੂਡ ਸੇਫਟੀ ਅਫਸਰ ਅਭਿਨਵ ਖੋਸਲਾ ਦਾ ਕਹਿਣਾ ਹੈ ਕਿ ਹਲਵਾਈਆਂ ਅਤੇ ਹੋਰ ਖੁਰਾਕੀ ਕਾਰੋਬਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਖੁਰਾਕ ਵਿੱਚ ਵਰਤੋਂ ਲਈ ਮਨਜ਼ੂਰਸ਼ੁਦਾ ਅਤੇ ਫੂਡ ਗ੍ਰੇਡ ਹੋਣ ਦੀ ਪੁਸ਼ਟੀ ਤੋਂ ਬਿਨਾਂ ਕਿਸੇ ਵੀ ਪਾਊਡਰ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਇਸ ‘ਸਟੋਨ ਪਾਊਡਰ’ ਦੀ ਰਸਾਇਣਕ ਬਣਤਰ ਜਾਂ ਫੂਡ ਗ੍ਰੇਡ ਹੋਣ ਬਾਰੇ ਕੋਈ ਫੈਸਲਾ ਲੈਬਾਰਟਰੀ ਜਾਂਚ ਤੋਂ ਬਾਅਦ ਹੀ ਹੋ ਸਕੇਗਾ। ਕੈਰਮ ਬੋਰਡ ਤੇ ਨਾਈ ਦੀਆਂ ਦੁਕਾਨਾਂ ’ਚ ਵਰਤਿਆ ਜਾਂਦਾ ਇਹ ਖਣਿਜ ਪਾਊਡਰ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਖਣਿਜ ਪਾਊਡਰ ਦੀ ਵਰਤੋਂ ਕੈਰਮ ਬੋਰਡ ’ਤੇ ਸਟ੍ਰਾਈਕਰ ਨੂੰ ਆਸਾਨੀ ਨਾਲ ਚਲਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਈ ਦੀਆਂ ਦੁਕਾਨਾਂ ਵਿੱਚ ਵਾਲ ਕੱਟਣ ਤੋਂ ਬਾਅਦ ਗਰਦਨ ’ਤੇ ਲਗਾਏ ਜਾਣ ਵਾਲੇ ਪਾਊਡਰ ਦੀ ਕਿਸਮ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ।