ਪਿੰਡਾਂ ਦੀ ਤਰੱਕੀ ਲਈ ਪ੍ਰਸ਼ਾਸਨ ਤੇ ਪੰਚਾਇਤਾਂ ਵਿਚਕਾਰ ਬਣੇਗਾ ਬਿਹਤਰ ਤਾਲਮੇਲ : ਸੇਖੋਂ ਪਿੰਡਾਂ ਦੀ ਤਰੱਕੀ ਲਈ ਪ੍ਰਸ਼ਾਸਨ ਤੇ ਪੰਚਾਇਤਾਂ ਵਿਚਕਾਰ ਬਣੇਗਾ ਬਿਹਤਰ ਤਾਲਮੇਲ - ਗੁਰਪ੍ਰੀਤ ਸਿੰਘ ਸੇਖੋਂ
Publish Date: Thu, 12 Nov 2026 06:31 PM (IST)
Updated Date: Thu, 12 Nov 2026 06:33 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪਿੰਡਾਂ ਦੀ ਤਰੱਕੀ ਦਾ ਰਾਹ ਵਿਕਾਸ ਕਾਰਜਾਂ ਦੀ ਸੁਚੱਜੀ ਯੋਜਨਾਬੰਦੀ, ਪ੍ਰਸ਼ਾਸਨਿਕ ਤਾਲਮੇਲ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਮੇਂ ਸਿਰ ਨਿਪਟਾਰੇ ਵਿੱਚੋਂ ਲੰਘਦਾ ਹੈ। ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਗਤੀਸ਼ੀਲ ਬਣਾਉਣ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਵੱਲੋਂ ਬੀਡੀਪੀਓ ਦਫ਼ਤਰ ਜ਼ੀਰਾ ਵਿਖੇ ਨਵ-ਨਿਯੁਕਤ ਬੀਡੀਪੀਓ ਲਖਵਿੰਦਰ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮੂਹ ਸਰਪੰਚਾਂ ਤੇ ਮੋਹਤਬਰਾਂ ਨਾਲ ਪਿੰਡਾਂ ਦੇ ਵਿਕਾਸ ਸਬੰਧੀ ਅਹਿਮ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਜਮਹੂਰੀ ਪ੍ਰਣਾਲੀ ਦੀ ਮਜ਼ਬੂਤ ਨੀਂਹ ਹਨ ਅਤੇ ਸਰਪੰਚਾਂ ਦੀ ਜ਼ਿੰਮੇਵਾਰੀ ਸਿਰਫ਼ ਪਿੰਡਾਂ ਦੀ ਅਗਵਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਦੀਆਂ ਉਮੀਦਾਂ ਨੂੰ ਵਿਕਾਸ ਕਾਰਜਾਂ ਰਾਹੀਂ ਹਕੀਕਤ ਵਿੱਚ ਬਦਲਣਾ ਵੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ, ਗਲੀਆਂ, ਨਾਲੀਆਂ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਕੰਮਾਂ ਨੂੰ ਤਰਜੀਹ ਦੇਣ ਲਈ ਪ੍ਰਸ਼ਾਸਨ ਅਤੇ ਪੰਚਾਇਤਾਂ ਵਿਚਕਾਰ ਬਿਹਤਰ ਤਾਲਮੇਲ ਲਾਜ਼ਮੀ ਹੈ। ਉਨ੍ਹਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਤਰਜੀਹ ਅਨੁਸਾਰ ਸਾਹਮਣੇ ਲਿਆਉਣ। ਇਸ ਮੌਕੇ ਬੀਡੀਪੀਓ ਲਖਵਿੰਦਰ ਕੌਰ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਸਰਪੰਚ ਨੂੰ ਸਰਕਾਰੀ ਕੰਮਾਂ ਲਈ ਬੇਲੋੜੀ ਖੱਜਲ-ਖੁਆਰੀ ਜਾਂ ਦੇਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਚਾਇਤਾਂ ਦੇ ਜਾਇਜ਼ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਚੇਅਰਮੈਨ ਪਰਮਜੀਤ ਸਿੰਘ ਅਵਾਣ, ਸਰਪੰਚ ਗਗਨਦੀਪ ਸਿੰਘ ਮਨਸੂਰਦੇਵਾ, ਸਰਪੰਚ ਜਸਦੀਪ ਸਿੰਘ ਮੱਲੋਕੇ, ਸਰਪੰਚ ਬੂਟਾ ਸਿੰਘ ਨਾਰੰਗ ਸਿੰਘ ਵਾਲਾ, ਜੀਵਨ ਸਿੰਘ ਸੰਤੂ ਵਾਲਾ, ਹਰਜਿੰਦਰ ਸਿੰਘ ਸਰਪੰਚ ਮਨਸੂਰਵਾਲ ਕਲਾਂ, ਅਮਰੀਕ ਸਿੰਘ ਮੁੱਦਕੀ, ਸਰਪੰਚ ਜੁਗਰਾਜ ਸਿੰਘ ਵਾੜਾ ਵਰਿਆਮ ਸਿੰਘ ਵਾਲਾ ਅਤੇ ਸਰਪੰਚ ਨਿਰਵੈਰ ਸਿੰਘ ਹੋਲਾਂਵਾਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।