ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਭਿਆਨਕ ਹਾਦਸਾ, ਔਰਤ ਦੀ ਮੌਤ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਭਿਆਨਕ ਹਾਦਸਾ, ਔਰਤ ਦੀ ਮੌਤ
Publish Date: Tue, 03 Nov 2026 05:20 PM (IST)
Updated Date: Tue, 03 Nov 2026 05:23 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਅੱਜ ਇਕ ਭਿਆਨਕ ਅਤੇ ਦਰਦਨਾਕ ਸੜਕੀ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਪਿੰਡ ਜੰਗਾਂ ਵਾਲਾ ਮੋੜ ਅਤੇ ਪੀਰ ਖਾਂ ਸ਼ੇਖਾਂ ਦੇ ਵਿਚਾਲੇ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਆਈ-20 ਕਾਰ ਨੇ ਸੜਕ ਕਿਨਾਰੇ ਘਾਹ ਵੱਢ ਰਹੀ ਔਰਤ ਅਤੇ ਇੱਕ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਔਰਤ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਪਛਾਣ ਜਗਮੀਤ ਸਿੰਘ ਪੁੱਤਰ ਸਾਰਜ ਸਿੰਘ, ਵਾਸੀ ਪਿੰਡ ਜੰਗ ਵਜੋਂ ਹੋਈ ਹੈ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮੱਦਦ ਨਾਲ ਜ਼ਖਮੀ ਜਗਮੀਤ ਸਿੰਘ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਮੌਜ਼ੂਦ ਲੋਕਾਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਅਤੇ ਖੌਫ਼ਨਾਕ ਸੀ ਕਿ ਟੱਕਰ ਮਾਰਨ ਤੋਂ ਬਾਅਦ ਆਈ-20 ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਜਾ ਟਕਰਾਈ ਅਤੇ ਦਰੱਖਤ ਦੇ ਵਿੱਚ ਹੀ ਲਟਕ ਗਈ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰ ਅਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਚਾਲਕ ਗੱਡੀ ਨੂੰ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।