ਸਾਈਬਰ ਕ੍ਰਾਈਮ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਸਾਈਬਰ ਕ੍ਰਾਈਮ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
Publish Date: Sat, 17 Jan 2026 03:53 PM (IST)
Updated Date: Sat, 17 Jan 2026 03:54 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਫ਼ਿਰੋਜ਼ਪੁਰ ਵਿਖੇ ਚੱਲ ਰਹੇ ਸਿਵਲ ਡਿਫੈਂਸ ਕੈਂਪ ਦੇ ਦੂਜੇ ਦਿਨ ਫਾਇਰ ਸੇਫਟੀ ਅਤੇ ਸਾਈਬਰ ਕ੍ਰਾਈਮ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਟਰੇਨਿੰਗ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਫ਼ਤਾਂ ਸਮੇਂ ਸੁਰੱਖਿਆ, ਬਚਾਵ ਅਤੇ ਸੇਵਾ ਭਾਵਨਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਟਰੇਨਿੰਗ ਦੌਰਾਨ ਸਿਵਲ ਡਿਫੈਂਸ ਦੇ ਅਧਿਕਾਰੀਆ ਵੱਲੋਂ ਵਿਦਿਆਰਥੀਆਂ ਨੂੰ ਅੱਗ ਬੁਝਾਉਣ, ਭੂਚਾਲ, ਹਾਦਸਿਆਂ ਅਤੇ ਹੋਰ ਅਚਾਨਕ ਆਫ਼ਤਾਂ ਦੌਰਾਨ ਕੀਤੇ ਜਾਣ ਵਾਲੇ ਤੁਰੰਤ ਬਚਾਵ ਉਪਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਫਸਟ ਏਡ, ਸੀਪੀਆਰ, ਜ਼ਖ਼ਮੀਆਂ ਦੀ ਸੰਭਾਲ, ਸਟਰੈਚਰ ਦੀ ਵਰਤੋਂ ਅਤੇ ਸੁਰੱਖਿਅਤ ਤਰੀਕੇ ਨਾਲ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰੈਕਟਿਕਲ ਟਰੇਨਿੰਗ ਵੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ (ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਜੋਤ ਜਗਾ ਕੇ ਕੀਤੀ ਗਈ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਅਜਿਹੀ ਟਰੇਨਿੰਗ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਮੁਸ਼ਕਲ ਸਮਿਆਂ ਵਿਚ ਸਮਾਜ ਅਤੇ ਦੇਸ਼ ਦੀ ਸੇਵਾ ਲਈ ਤਿਆਰ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਕਿਹਾ ਕਿ ਨਰਸਿੰਗ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੀ ਟਰੇਨਿੰਗ ਬਹੁਤ ਹੀ ਲਾਭਕਾਰੀ ਹੈ ਕਿਉਂਕਿ ਭਵਿੱਖ ਵਿੱਚ ਉਹ ਸਿਹਤ ਸੇਵਾ ਦੇ ਖੇਤਰ ਵਿਚ ਭੂਮਿਕਾ ਨਿਭਾਉਂਦੇ ਹਨ । ਇਸ ਟਰੇਨਿੰਗ ਸੈਸ਼ਨ ਦੀ ਆਧਿਕਾਰਿਕ ਸ਼ੁਰੂਆਤ ਗੁਰਲਵਦੀਪ ਸਿੰਘ ਗਰੇਵਾਲ, ਐਡੀਸ਼ਨਲ ਕੰਟਰੋਲਰ ਆਫ਼ ਸਿਵਲ ਡਿਫੈਂਸ ਫਿਰੋਜਪੁਰ ਅਤੇ ਫਾਜ਼ਿਲਕਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਭੂਮਿਕਾ, ਜ਼ਿੰਮੇਵਾਰੀਆਂ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਾਲ ਹੀ ਅੱਗ, ਹੜ੍ਹ, ਭੂਚਾਲ ਅਤੇ ਹੋਰ ਐਮਰਜੈਂਸੀ ਸਥਿਤੀਆਂ ਦੌਰਾਨ ਜਾਨ-ਮਾਲ ਦੀ ਸੁਰੱਖਿਆ ਲਈ ਅਪਣਾਏ ਜਾਣ ਵਾਲੇ ਉਪਾਅ ਵੀ ਸਮਝਾਏ। ਉਨ੍ਹਾਂ ਨੇ ਪੰਜਾਬ ਸਿਵਲ ਡਿਫੈਂਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸ਼ਨ, ਹਿੰਮਤ ਅਤੇ ਸਮਾਜ ਸੇਵਾ ਦੀ ਭਾਵਨਾ ਵਿਕਸਿਤ ਹੁੰਦੀ ਹੈ। ਇਸ ਟਰੇਨਿੰਗ ਪ੍ਰੋਗਰਾਮ ਨਾਲ ਵਿਦਿਆਰਥੀ ਆਫ਼ਤ ਪ੍ਰਬੰਧਨ ਅਤੇ ਮਨੁੱਖੀ ਸੇਵਾ ਬਾਰੇ ਕੀਮਤੀ ਅਨੁਭਵ ਪ੍ਰਾਪਤ ਕਰਨਗੇ। ਟਰੇਨਿੰਗ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਹਰ ਗਤੀਵਿਧੀ ਨੂੰ ਗੰਭੀਰਤਾ ਨਾਲ ਸਿੱਖਿਆ। ਸਿਵਲ ਡਿਫੈਂਸ ਟੀਮ ਵੱਲੋਂ ਮੌਕ ਡ੍ਰਿਲਾਂ ਰਾਹੀਂ ਅਸਲ ਹਾਲਾਤਾਂ ਵਰਗਾ ਮਾਹੌਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਫਾਇਰ ਸੇਫ਼ਟੀ ਐਕਟਿਵਿਟੀ ਵੀ ਕਰਵਾਈ ਗਈ, ਜਿਸ ਦੌਰਾਨ ਅੱਗ ਲੱਗਣ ਦੇ ਕਾਰਨਾਂ, ਅੱਗ ਤੋਂ ਬਚਾਅ ਅਤੇ ਐਮਰਜੈਂਸੀ ਦੌਰਾਨ ਸਹੀ ਕਦਮ ਚੁੱਕਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਫਾਇਰ ਏਕਸਟਿੰਗਵਿਸ਼ਰ ਦੀ ਸਹੀ ਵਰਤੋਂ, ਇਮਾਰਤ ਨੂੰ ਸੁਰੱਖਿਅਤ ਢੰਗ ਨਾਲ ਖਾਲੀ ਕਰਨ ਅਤੇ ਘਬਰਾਉਣ ਦੀ ਬਜਾਏ ਸੰਯਮ ਬਣਾਈ ਰੱਖਣ ਬਾਰੇ ਦੱਸਿਆ ਗਿਆ। ਲਾਈਵ ਡੈਮੋ ਰਾਹੀਂ ਅੱਗ ‘ਤੇ ਕਾਬੂ ਪਾਉਣ ਦੀ ਪ੍ਰਕਿਰਿਆ ਵੀ ਦਿਖਾਈ ਗਈ। ਗੁਰਲਵਦੀਪ ਸਿੰਘ ਗਰੇਵਾਲ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਨੇਤ੍ਰਤਵ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਇਹ 7 ਦਿਨਾਂ ਦਾ ਟਰੇਨਿੰਗ ਪ੍ਰੋਗਰਾਮ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਲਾਭਦਾਇਕ ਸਾਬਤ ਹੋਵੇਗਾ।ਇਸ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਿਆ ਅਤੇ ਟੀਮ ਵਰਕ ਦੀ ਭਾਵਨਾ ਮਜ਼ਬੂਤ ਹੋਈ। ਕਾਲਜ ਪ੍ਰਬੰਧਨ ਨੇ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਅਤੇ ਟਰੇਨਿੰਗ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿਵਾਇਆ।