ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਦਿੱਤੀ ‘ਰੇਲ ਵਨ ਐਪ’ ਬਾਰੇ ਜਾਣਕਾਰੀ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਚਲਾਇਆ ਗਿਆ ਜਾਗਰੂਕਤਾ ਅਭਿਆਨ
Publish Date: Sat, 01 Aug 2026 04:39 PM (IST)
Updated Date: Sat, 01 Aug 2026 04:40 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਰੇਲ ਯਾਤਰੀਆਂ ਦੀ ਸੁਵਿਧਾ ਅਤੇ ਡਿਜੀਟਲ ਟਿਕਟਿੰਗ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਇੱਕ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੌਰਾਨ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਸਟੇਸ਼ਨ ’ਤੇ ਮੌਜ਼ੂਦ 50 ਤੋਂ ਵੱਧ ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ ਇਹ ਐਪ ਇੰਸਟਾਲ ਵੀ ਕਰਵਾਈ ਗਈ। ਅੱਜ ਦੇ ਡਿਜੀਟਲ ਯੁੱਗ ਵਿਚ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੇ ਸਫਰ ਨੂੰ ਹੋਰ ਵੀ ਸੁਖਾਲਾ ਅਤੇ ਸੁਵਿਧਾਜਨਕ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੇ ਰੇਲਵੇ ਪ੍ਰਸ਼ਾਸਨ ਵੱਲੋਂ ਇੱਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਟੇਸ਼ਨ ਪਰਿਸਰ ਦੇ ਅੰਦਰ ਵਿਸ਼ੇਸ਼ ਬੈਨਰ ਅਤੇ ਸਟੈਂਡੀ ਲਗਾ ਕੇ ਆਉਣ-ਜਾਣ ਵਾਲੇ ਯਾਤਰੀਆਂ ਦਾ ਧਿਆਨ ਇਸ ਡਿਜੀਟਲ ਸੁਵਿਧਾ ਵੱਲ ਖਿੱਚਿਆ ਗਿਆ। ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਸਮਝਾਇਆ ਕਿ ਕਿਵੇਂ ਉਹ ਬਿਨ੍ਹਾ ਕਿਸੇ ਖੱਜਲ-ਖੁਆਰੀ ਦੇ ਆਪਣੇ ਮੋਬਾਇਲ ਤੋਂ ਹੀ ਟਿਕਟ ਬੁੱਕ ਕਰ ਸਕਦੇ ਹਨ। ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦਾ ਮੁੱਖ ਟੀਚਾ ਯਾਤਰੀਆਂ ਨੂੰ ਆਧੁਨਿਕ ਅਤੇ ਡਿਜੀਟਲ ਸੇਵਾਵਾਂ ਰਾਹੀਂ ਸੁਚਾਰੂ ਅਤੇ ਸੁਵਿਧਾਜਨਕ ਸਫ਼ਰ ਦੀ ਸਹੂਲਤ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਰੇਲ ਵਨ ਐਪ’ ਇਸ ਲਕਸ਼ ਨੂੰ ਪ੍ਰਾਪਤ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਲਾਹੇਵੰਦ ਕਦਮ ਹੈ। ਬਸੰਤ ਕੁਮਾਰ ਨੇ ‘ਰੇਲ ਵਨ ਐਪ’ ਦੇ ਅਨੇਕਾਂ ਫਾਇਦਿਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਐਪ ਰਾਹੀਂ ਟਿਕਟ ਖਰੀਦਣ ਨਾਲ ਯਾਤਰੀਆਂ ਨੂੰ ਟਿਕਟ ਖਿੜਕੀ ’ਤੇ ਲੰਮੀਆਂ ਲਾਈਨਾਂ ਵਿੱਚ ਖੜ੍ਹਨ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ ਯਾਤਰੀਆਂ ਨੂੰ ਨਕਦ ਪੈਸਿਆਂ ਦੀ ਲੈਣ-ਦੇਣ ਅਤੇ ਭਾਨ ਰੱਖਣ ਦੇ ਝੰਜਟ ਤੋਂ ਵੀ ਪੂਰੀ ਤਰ੍ਹਾਂ ਮੁਕਤੀ ਮਿਲੇਗੀ। ਰੇਲਵੇ ਵੱਲੋਂ ਡਿਜੀਟਲ ਬੁਕਿੰਗ ਨੂੰ ਉਤਸ਼ਾਹਿਤ ਕਰਨ ਲਈ ਐਪ ਰਾਹੀਂ ਟਿਕਟ ਬੁੱਕ ਕਰਨ ’ਤੇ 3 ਫੀਸਦੀ ਦੀ ਉਚੇਚੀ ਛੋਟ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਗਜ਼ ਰਹਿਤ ਟਿਕਟਿੰਗ ਨੂੰ ਬੜਾਵਾ ਦੇਣਾ ਵਾਤਾਵਰਣ ਦੀ ਸੰਭਾਲ ਦੀ ਦਿਸ਼ਾ ਵਿਚ ਵੀ ਇਕ ਸ਼ਲਾਘਾਯੋਗ ਅਤੇ ਬਹੁਤ ਵੱਡਾ ਉਪਰਾਲਾ ਹੈ।