ਖੇਤ ਬਚਾਓ ਅਭਿਆਨ ਅਧੀਨ ਜਾਗਰੂਕਤਾ ਕੈਂਪ ਲਗਾਇਆ ਖੇਤ ਬਚਾਓ ਅਭਿਆਨ ਅਧੀਨ ਜਾਗਰੂਕਤਾ ਕੈਂਪ ਲਗਾਇਆ
Publish Date: Thu, 26 Nov 2026 04:04 PM (IST)
Updated Date: Fri, 27 Nov 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੀ ਟੀਮ ਵੱਲੋਂ ਖੇਤ ਬਚਾਓ ਅਭਿਆਨ ਅਧੀਨ ਪਿੰਡ ਅੱਕੂ ਮਸਤੇ ਕੇ ਵਿਖੇ ਮਿਤੀ 26 ਨਵੰਬਰ 2026 ਨੂੰ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕੈਂਪ ਖੇਤ ਬਚਾਓ ਅਭਿਆਨ ਤਹਿਤ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ, ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿੱਚ ਕਣਕ ਦੀ ਕਾਸ਼ਤ ਸਬੰਧੀ ਜ਼ਰੂਰੀ ਨੁਕਤੇ ਅਤੇ ਸਬਜ਼ੀਆਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਮਿੱਟੀ-ਪਾਣੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਨਾਲ ਜਿੱਥੇ ਖਾਦਾਂ ਦੀ ਖਪਤ ਘਟਾਈ ਜਾ ਸਕਦੀ ਹੈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਮੂਨੇ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਮਿੱਟੀ ਅਤੇ ਪਾਣੀ ਪਰਖ ਕਰਵਾ ਸਕਦੇ ਹਨ। ਡਾ. ਬੀਐੱਸ ਸੇਖੋਂ, ਸਹਾਇਕ ਪ੍ਰੋਫੈਸਰ, ਸਬਜ਼ੀ ਵਿਗਿਆਨ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਿਰਚ ਦੀ ਨੀਵੀਂ ਸੁਰੰਗ ਹੇਠ ਕਾਸ਼ਤ ਲਈ ਦੋਗਲੀ ਕਿਸਮ ਸੀ ਐੱਚ-52, ਟਮਾਟਰ ਵਿੱਚ ਮਧਰੀ ਕਿਸਮ ਪੰਜਾਬ ਰੱਤਾ ਅਤੇ ਲਗਾਤਾਰ ਵਾਧੇ ਵਾਲੀ ਕਿਸਮ ਪੰਜਾਬ ਸਵਰਨਾ, ਬੈਂਗਣ ਵਿੱਚ ਪੰਜਾਬ ਰੌਣਕ ਅਤੇ ਪੰਜਾਬ ਭਰਪੂਰ ਅਤੇ ਪਿਆਜ਼ ਦੀਆਂ ਵਧੀਆ ਝਾੜ ਅਤੇ ਸਟੋਰੇਜ ਵਾਲੀਆਂ ਕਿਸਮਾਂ ਪੀ ਆਰ ਓ -7, ਪੀਆਰਓ-6 ਅਤੇ ਹਾਈਬ੍ਰਿਡ ਪੀ ਓ ਐੱਚ-1 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਕਿਸਮਾਂ ਚੰਗੇ ਝਾੜ ਦੇ ਨਾਲ ਨਾਲ ਉੱਚ ਗੁਣਵੱਤਾ ਰੱਖਦੀਆਂ ਹਨ ਜੋ ਕਿ ਸਟੋਰੇਜ ਅਤੇ ਸੁਆਦ ਪੱਖੋਂ ਵਪਾਰਕ ਪੱਧਰ ਦੇ ਨਾਲ ਨਾਲ ਘਰੇਲੂ ਪੱਧਰ ਤੇ ਵੀ ਅਪਨਾਈਆਂ ਜਾ ਸਕਦੀਆਂ ਹਨ। ਉਹਨਾਂ ਸਰਦੀਆਂ ਵਿੱਚ ਨਦੀਨਾਂ ਅਤੇ ਕੋਰੇ ਤੋਂ ਬਚਾਅ ਲਈ ਮਲਚਿੰਗ ਅਤੇ ਅਗੇਤੇ ਝਾੜ ਲਈ ਨੀਵਾਂ ਸੁਰੰਗ ਵਿਧੀ ਬਾਰੇ ਵੀ ਚਾਨਣਾ ਪਾਇਆ। ਸਿਖਲਾਈ ਕੈੰਪ ਦੌਰਾਨ ਡਾ ਹਰਵਿੰਦਰ ਸਿੰਘ ਬੁੱਟਰ ਨੇ ਕਿਸਾਨਾਂ ਨਾਲ ਪਰਾਲੀ ਦੀ ਸੰਭਾਲ ਵਾਲੇ ਖੇਤਾਂ ਵਿੱਚ ਖਾਦ ਪ੍ਰਬੰਧਨ, ਨਦੀਨ ਪ੍ਰਬੰਧਨ ਅਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੇ ਬੱਚਿਆਂ ਲਈ ਦਾਖਲੇ ਦੀ ਸਹੂਲਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਵੱਲੋਂ ਆਪਣੇ ਖੇਤੀ ਤਜ਼ਰਬੇ ਵੀ ਸਾਂਝੇ ਕੀਤੇ ਗਏ।