- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਆਸ਼ਾ ਵਰਕਰਾਂ ਦੀ ਗੇਟ ਰੈਲੀ, 24 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨ ਦੀ ਤਿਆਰੀ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਸ਼ਾ ਵਰਕਰ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜ਼ੋਰਦਾਰ ਗੇਟ ਰੈਲੀ ਕੀਤੀ ਗਈ। ਇਹ ਰੈਲੀ 24 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੌਜ ਵਿਖੇ ਲਗਾਏ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਵਜੋਂ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਵੰਤ ਕੌਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਹਾ ਹੈ। ਵਰਕਰਾਂ ਨੂੰ ਬਹੁਤ ਹੀ ਨਗੂਣੇ ਇਨਸੈਂਟਿਵ ’ਤੇ ਕੰਮ ਕਰਨਾ ਪੈ ਰਿਹਾ ਹੈ ਅਤੇ ਇਹ ਇਨਸੈਂਟਿਵ ਵੀ ਚਾਰ-ਚਾਰ, ਪੰਜ-ਪੰਜ ਮਹੀਨੇ ਲਿਖਤੀ ਮੰਗ ਪੱਤਰ ਦੇਣ ਤੋਂ ਬਾਅਦ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਸਰਕਾਰ ਨੇ ਘੱਟੋ-ਘੱਟ ਡੀ.ਸੀ. ਰੇਟ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਹੁਣ ਮੀਟਿੰਗਾਂ ਦਾ ਸਮਾਂ ਦੇ ਕੇ ਮੰਗਾਂ ਤੋਂ ਭੱਜ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ 1680/222 ਚੰਡੀਗੜ੍ਹ ਦੇ ਸੱਦੇ ’ਤੇ 24 ਸਤੰਬਰ ਨੂੰ ਪੂਰੇ ਪੰਜਾਬ ਦੀਆਂ ਵਰਕਰਾਂ ਇਕੱਠੀਆਂ ਹੋ ਕੇ ਸਤੌਜ ਵਿਖੇ ਧਰਨਾ ਦੇਣਗੀਆਂ, ਜਿਸ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਵੀ ਲਗਭਗ 100 ਆਸ਼ਾ ਵਰਕਰਾਂ ਰਵਾਨਾ ਹੋਣਗੀਆਂ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁਕੰਮਲ ਕੰਮ ਛੱਡ ਹੜਤਾਲ ਕੀਤੀ ਜਾਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ’ਆਪ’ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ। ਪੈਰਾ ਮੈਡੀਕਲ ਸਿਹਤ ਕਰਮਚਾਰੀ ਪੰਜਾਬ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਨੇ ਪੂਰੇ ਮੁਲਾਜ਼ਮ ਵਰਗ ਨਾਲ ਧੋਖਾ ਕੀਤਾ ਹੈ। ਇਸ ਮੌਕੇ ਸੁਨੀਤਾ, ਲਕਸ਼ਮੀ, ਉਰਮਿਲਾ, ਅਬੀਮਲਾ, ਬਲਜੀਤ, ਮੰਜੂ ਸਮੇਤ ਵੱਡੀ ਗਿਣਤੀ ’ਚ ਆਸ਼ਾ ਵਰਕਰਾਂ ਹਾਜ਼ਰ ਸਨ।