ਆਸ਼ਾ ਵਰਕਰਾਂ ਵੱਲੋਂ ਸਰਕਾਰ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਆਸ਼ਾ ਵਰਕਰਾਂ ਵੱਲੋਂ ਸਰਕਾਰ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਐਲਾਨ
Publish Date: Wed, 16 Sep 2026 03:57 PM (IST)
Updated Date: Wed, 16 Sep 2026 03:59 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਅੱਜ ਆਲ ਇੰਡੀਆ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਟਰੇਡ ਯੂਨੀਅਨ ਪੰਜਾਬ (ਏਟਕ ਗਰੁੱਪ) ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਆਸ਼ਾ ਵਰਕਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੇ ਅਣਗਹਿਲੀ ਭਰੇ ਰਵੱਈਏ ’ਤੇ ਡੂੰਘੀ ਚਿੰਤਾ ਅਤੇ ਰੋਸ ਪ੍ਰਗਟਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਪਿਛਲੇ 18 ਸਾਲਾਂ ਤੋਂ ਬਿਨਾਂ ਕਿਸੇ ਪੱਕੀ ਤਨਖਾਹ ਦੇ ਰਾਤ-ਦਿਨ ਗਰਾਊਂਡ ਲੈਵਲ ’ਤੇ ਸਿਹਤ ਸੇਵਾਵਾਂ ਨਿਭਾ ਰਹੀਆਂ ਹਨ। ਸਰਕਾਰ ਵੱਲੋਂ ਉਨ੍ਹਾਂ ਦੇ ਕੰਮ ਦਾ ਬੋਝ ਦਿਨ-ਬ-ਦਿਨ ਵਧਾਇਆ ਜਾ ਰਿਹਾ ਹੈ, ਜਦਕਿ ਬਦਲੇ ਵਿਚ ਬਹੁਤ ਹੀ ਨਗੂਣਾ ਇਨਸੈਂਟਿਵ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਆਸ਼ਾ ਵਰਕਰ ਭੈਣਾਂ ਬਿਨ੍ਹਾ ਕਿਸੇ ਤਨਖਾਹ ਅਤੇ ਪੈਨਸ਼ਨ ਸਹੂਲਤ ਤੋਂ ਰਿਟਾਇਰ ਹੋ ਰਹੀਆਂ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਫਿਕਸ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਲਈ ਘੱਟੋ-ਘੱਟ ਡੀ.ਸੀ. ਰੇਟ ਅਨੁਸਾਰ 26,000 ਰੁਪਏ ਮਹੀਨਾਵਾਰ ਤਨਖਾਹ ਫਿਕਸ ਕੀਤੀ ਜਾਵੇ, ਹਰਿਆਣਾ ਦੀ ਤਰਜ਼ ’ਤੇ ਸੇਵਾਮੁਕਤੀ (ਰਿਟਾਇਰਮੈਂਟ) ਸਮੇਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ, ਸਿਹਤ ਵਿਭਾਗ ਦੀ ਹਰ ਨਵੀਂ ਭਰਤੀ ਵਿਚ ਆਸ਼ਾ ਵਰਕਰਾਂ ਲਈ 10 ਪ੍ਰਤੀਸ਼ਤ ਕੋਟਾ ਰਾਖਵਾਂ ਰੱਖਿਆ ਜਾਵੇ, ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੇ ਟੂਰ ਅਲਾਊਂਸ ਵਿਚ ਵਾਧਾ ਕੀਤਾ ਜਾਵੇ ਅਤੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 24 ਸਤੰਬਰ ਨੂੰ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਬੋਹੀ ਪਿੰਡ ਸਤੌਜ ਵੱਲ ਵਿਸ਼ਾਲ ਮਾਰਚ ਕਰਨਗੀਆਂ। ਇਸ ਦੌਰਾਨ ਜੇਕਰ ਸਿਹਤ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ ਜਾਂ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪੰਜਾਬ ਸੁਬਾਰੀਨੇਟ ਫੈਡਰੇਸ਼ਨ 1680 ਦੇ ਪ੍ਰਧਾਨ ਰਾਮ ਪ੍ਰਸਾਦ ਨੇ ਮੰਗਾਂ ਦਾ ਸਮਰਥਨ ਕਰਦਿਆਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਮੀਟਿੰਗ ਵਿਚ ਲਕਸ਼ਮੀ, ਇੰਦੂ, ਕੈਂਡੀ, ਮੇਗਾ, ਸੁਨੀਤਾ ਕੁਮਾਰੀ, ਬਲਜੀਤ ਕੌਰ, ਅਨੀਤਾ ਅਤੇ ਅਨਮੋਲ ਸਮੇਤ ਵੱਡੀ ਗਿਣਤੀ ਵਿਚ ਆਸ਼ਾ ਵਰਕਰਾਂ ਹਾਜ਼ਰ ਸਨ।