ਪੰਜ ਜ਼ਿਲ੍ਹਿਆਂ ਦੀ ਆਰਮੀ ਭਰਤੀ ਸ਼ੁਰੂ, ਮੇਜਰ ਜਨਰਲ ਨੇ ਕੀਤਾ ਉਦਘਾਟਨ ਪੰਜ ਜ਼ਿਲ੍ਹਿਆਂ ਦੀ ਆਰਮੀ ਭਰਤੀ ਸ਼ੁਰੂ, ਮੇਜਰ ਜਨਰਲ ਨੇ ਕੀਤਾ ਉਦਘਾਟਨ
Publish Date: Tue, 18 Aug 2026 07:19 PM (IST)
Updated Date: Tue, 18 Aug 2026 07:21 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਦੇ ਪੰਜ ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਲਈ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ ਅਤੇ ਟਰੇਡਸਮੈਨ 8ਵੀਂ ਅਤੇ 10ਵੀਂ ਦੀ ਆਰਮੀ ਭਰਤੀ ਰੈਲੀ 18 ਅਗਸਤ 2026 ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਸ਼ੁਰੂ ਹੋ ਗਈ। ਇਹ ਰੈਲੀ ਗੋਲਡਨ ਐਰੋ ਡਿਵੀਜ਼ਨ ਅਤੇ ਵਜਰਾ ਕੋਰ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਵੱਲੋਂ ਇਸ ਰੈਲੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਰਤੀ ਰੈਲੀ ਦਾ ਉਦਘਾਟਨ ਮੇਜਰ ਜਨਰਲ ਰਣਜੀਤ ਸਿੰਘ ਮਾਨਰਲ, ਐੱਸਐੱਮ, ਵੀਐੱਸਐੱਮ, ਜਨਰਲ ਅਫ਼ਸਰ ਕਮਾਂਡਿੰਗ, ਗੋਲਡਨ ਐਰੋ ਡਿਵੀਜ਼ਨ ਵੱਲੋਂ ਕੀਤਾ ਗਿਆ। ਇਸ ਮੌਕੇ ਫ਼ੌਜ, ਸਿਵਲ ਪ੍ਰਸ਼ਾਸਨ, ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜ਼ੂਦ ਸਨ। ਇਹ ਭਰਤੀ ਰੈਲੀ ਲਗਭਗ 10 ਦਿਨ ਚੱਲੇਗੀ ਅਤੇ ਇਸ ਵਿਚ 9,000 ਤੋਂ ਵੱਧ ਉਮੀਦਵਾਰ ਹਿੱਸਾ ਲੈਣਗੇ। ਉਮੀਦਵਾਰਾਂ ਦਾ 1.6 ਕਿਲੋਮੀਟਰ ਦੌੜ, ਸਰੀਰਕ ਯੋਗਤਾ ਟੈਸਟ ਅਤੇ ਮੈਡੀਕਲ ਜਾਂਚ ਸਟੇਡੀਅਮ ਵਿਖੇ ਕੀਤੀ ਜਾਵੇਗੀ। ਗੋਲਡਨ ਐਰੋ ਡਿਵੀਜ਼ਨ ਨੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਭਰਤੀ ਰੈਲੀ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਮਿਹਨਤ ਕੀਤੀ ਹੈ। ਇਹ ਭਰਤੀ ਰੈਲੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ। ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਚੋਣ 100 ਫ਼ੀਸਦੀ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਕੋਈ ਵੀ ਵਿਅਕਤੀ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਉਮੀਦਵਾਰਾਂ ਦੀ ਮਿਹਨਤ ਅਤੇ ਗਿਆਨ/ਯੋਗਤਾ ਹੀ ਉਨ੍ਹਾਂ ਦੀ ਚੋਣ ਦਾ ਆਧਾਰ ਬਣਦੀ ਹੈ।