ਏਐੱਨਟੀਐੱਫ ਵੱਲੋਂ 12 ਕਿੱਲੋ ਤੋਂ ਵੱਧ ਹੈਰੋਇਨ ਸਣੇ ਇਕ ਗ੍ਰਿਫ਼ਤਾਰ ਏਐੱਨਟੀਐੱਫ ਨੇ ਤੋੜਿਆ ਅਤਿ-ਆਧੁਨਿਕ ਡਰੱਗ ਨੈੱਟਵਰਕ
Publish Date: Fri, 17 Jul 2026 07:14 PM (IST)
Updated Date: Sat, 18 Jul 2026 04:04 AM (IST)
* ਮੁਲਜ਼ਮ ਦਾ ਪਹਿਲਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਮਿਲਿਆ * ਮੁੱਢਲੀ ਪੁੱਛਗਿੱਛ ਦੌਰਾਨ ਆਧੁਨਿਕ ਤੇ ਤਕਨੀਕੀ ਤੌਰ ’ਤੇ ਸਮਰੱਥ ਤਸਕਰੀ ਨੈੱਟਵਰਕ ਦਾ ਖੁਲਾਸਾ ਹੋਇਆ ਫੋਟੋ ਫਾਈਲ; 17ਐਫਜੈਡਆਰ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਅਤਿ ਅਧੁਨਿਕ ਡਰੱਗ ਨੈਟਵਰਕ ’ਤੇ ‘ਵੱਕਤੀ ਰੋਕ’ ਲਾਉਂਦਿਆਂ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਫ਼ਿਰੋਜ਼ਪੁਰ ਰੇਂਜ ਨੇ 12 ਕਿੱਲੋ ਤੋਂ ਵੀ ਵੱਧ ਹੈਰੋਇਨ ਸਣੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨ ਵੀ ਕੋਈ ਜ਼ਰਾਇਮ ਪੇਸ਼ਾ ‘ਬੈਕ ਗ੍ਰਾਉਂਡ’ ਦਾ ਨਾ ਹੋ ਕੇ ਤਾਜ਼ਾ-ਤਾਜ਼ਾ ਪਾਕਿਸਤਾਨੀ ਹੈਂਡਲਰ ‘ਚਾਚੇ’ ਦੇ ਜਾਲ ’ਚ ਫੱਸਿਆ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਏਐੱਨਟੀਐੱਫ ਵੱਲੋਂ ਪੁਲਿਸ ਸਟੇਸ਼ਨ ਏਐੱਨਟੀਐੱਫ ਐੱਸਏਐੱਸ ਨਗਰ ਵਿਖੇ ਐੱਨਡੀਪੀਐੱਸ ਐਕਟ ਦੀ ਧਾਰਾ-21 ਤਹਿਤ ਐੱਫਆਈਆਰ ਨੰਬਰ 155 ਦਰਜ ਕੀਤੀ ਗਈ ਹੈ। ਐੱਸਪੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਜਗਸੀਰ ਸਿੰਘ ਉਰਫ਼ ਲਵੀ ਪੁੱਤਰ ਸੋਨਾ ਸਿੰਘ ਵਾਸੀ ਪਿੰਡ ਬਾਦਲ ਕੇ ਉੱਤਰ, ਥਾਣਾ ਅਮੀਰ ਖਾਸ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਫੜਿਆ ਗਿਆ ਮੁਲਜ਼ਮ ਡਿਪਲੋਮਾ ਦਾ ਵਿਦਿਆਰਥੀ ਹੈ। ਉਸ ਦਾ ਪਹਿਲਾਂ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਇਕ ਆਧੁਨਿਕ ਤੇ ਤਕਨੀਕੀ ਤੌਰ ’ਤੇ ਸਮਰੱਥ ਤਸਕਰੀ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਫੜਿਆ ਗਿਆ ਮੁਲਜ਼ਮ ਜਗਸੀਰ ਸਿੰਘ ਇਸ ਸਿੰਡੀਕੇਟ ’ਚ ‘ਦੂਜੀ ਲਾਈਨ ਦੇ ਕੋਰੀਅਰ’ ਵਜੋਂ ਕੰਮ ਕਰ ਰਿਹਾ ਸੀ। ਉਹ ਖੁਦ ਸਿੱਧਾ ਡ੍ਰੋਨ ਰਾਹੀਂ ਸੁੱਟੀ ਗਈ ਖੇਪ ਪ੍ਰਾਪਤ ਨਹੀਂ ਕਰਦਾ ਸੀ, ਬਲਕਿ ਉਹ ਉਨ੍ਹਾਂ ਕੋਰੀਅਰਾਂ ਤੋਂ ਨਸ਼ਾ ਇਕੱਠਾ ਕਰਦਾ ਸੀ ਜਿਨ੍ਹਾਂ ਡ੍ਰੋਨ ਵਾਲੀ ਜਗ੍ਹਾ ਤੋਂ ਮਾਲ ਚੁੱਕਿਆ ਹੁੰਦਾ ਸੀ। ਇਸ ਤੋਂ ਬਾਅਦ ਉਹ ਇਸ ਨਸ਼ੀਲੇ ਪਦਾਰਥ ਦੀ ਅਗਲੀ ਸਪਲਾਈ ਜਾਂ ਆਵਾਜਾਈ ਦਾ ਪ੍ਰਬੰਧ ਕਰਦਾ ਸੀ। ਦੋਸ਼ੀ ਨੇ ਪਿੰਡ ਰਾਓ ਕੇ ਵਿਖੇ ਇਕ ਖਾਸ ਤੇ ਪਹਿਲਾਂ ਤੋਂ ਤੈਅ ਕੀਤੀ ਜਗ੍ਹਾ ਤੋਂ ਇਹ 12 ਕਿੱਲੋ 100 ਗ੍ਰਾਮ ਹੈਰੋਇਨ ਦੀ ਨਾਜਾਇਜ਼ ਖੇਪ ਪ੍ਰਾਪਤ ਕੀਤੀ ਸੀ। ਏਐੱਨਟੀਐੱਫ ਦੀ ਟੀਮ ਨੇ ਮੁਲਜ਼ਮ ਜਗਸੀਰ ਸਿੰਘ ਕੋਲੋਂ ਵਰਤਿਆ ਜਾ ਰਿਹਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਪੁਲਿਸ ਵਿਭਾਗ ਵੱਲੋਂ ਫਿਲਹਾਲ ਇਸ ਬਰਾਮਦ ਕੀਤੇ ਗਏ ਫ਼ੋਨ ਦੇ ਵਿਆਪਕ ਤਕਨੀਕੀ ਤੇ ਡਿਜੀਟਲ ਫੋਰੈਂਸਿਕ ਵਿਸ਼ਲੇਸ਼ਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਡਿਜੀਟਲ ਫੋਰੈਂਸਿਕ ਯਤਨਾਂ ਦਾ ਮੁੱਖ ਉਦੇਸ਼ ਇਸ ਸਰਹੱਦ ਪਾਰ ਚੱਲ ਰਹੇ ਸਿੰਡੀਕੇਟ ਦੇ ਅਗਲੇ ਤੇ ਪਿਛਲੇ ਸੰਪਰਕਾਂ ਦਾ ਪਤਾ ਲਗਾਉਣਾ ਹੈ, ਤਾਂ ਜੋ ਇਸ ਪੂਰੇ ਇੰਟਰਨੈਸ਼ਨਲ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਪਾਕਿਸਤਾਨੀ ਹੈਂਡਲਰ ਚਾਚੇ ਦੇ ਇਸ਼ਾਰਿਆਂ ਤੇ ਚੱਲਦੀ ਸੀ ਨਸ਼ਿਆਂ ਦੀ ਖੇਡ ਇਸ ਅਤਿ ਆਧੁਨਿਕ ਨੈੱਟਵਰਕ ਨੂੰ ਪਾਕਿਸਤਾਨ ਦੇ ਕਸੂਰ ਬੈਠਾ ਬਦਨਾਮ ਹੈਂਡਲਰ ‘ਚਾਚਾ’ ਬੜੇ ਹੀ ਤਕਨੀਕੀ ਢੰਗ ਨਾਲ ਅਪਰੇਟ ਕਰਦਾ ਸੀ। ਇਹ ਹੈਂਡਲਰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਪ੍ਰਮੁੱਖ ਸਿੰਡੀਕੇਟਾਂ ਵਿਚੋਂ ਇਕ ਚਲਾਉਂਦਾ ਹੈ। ‘ਚਾਚਾ’ ਨੇ ਵਟਸਐਪ ਰਾਹੀਂ ਇਨਕ੍ਰਿਪਟਡ ਸੰਚਾਰ ਦੀ ਵਰਤੋਂ ਕਰ ਕੇ ਰਿਮੋਟਲੀ ਪੂਰੇ ਆਪ੍ਰੇਸ਼ਨ ਦਾ ਤਾਲਮੇਲ ਕੀਤਾ ਅਤੇ ਦੋਸ਼ੀ ਨੂੰ ਸਹੀ ਜੀਪੀਐੱਸ ਕੋ-ਆਰਡੀਨੇਟਸ ਪ੍ਰਦਾਨ ਕੀਤੇ ਤਾਂ ਜੋ ਉਹ ਨਿਰਧਾਰਤ ਕੋਰੀਅਰ ਪੁਆਇੰਟ ਤੱਕ ਪਹੁੰਚ ਸਕੇ। ਇਹ ਜ਼ਬਤ ਕੀਤੀ ਗਈ ਖੇਪ ਅੱਗੇ ਇਕ ਸਥਾਨਕ ਪ੍ਰਾਪਤਕਰਤਾ ਨੂੰ ਦਿੱਤੀ ਜਾਣੀ ਸੀ, ਜੋ ਇਕ ਆਸਟ੍ਰੇਲੀਆਈ ਵਰਚੂਅਲ ਵਟਸਐਪ ਨੰਬਰ ਦੀ ਆੜ ’ਚ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੀ। ਇਕ-ਦੂਜੇ ਦੀ ਵੇਖੋ-ਵੇਖੀ ਨਸ਼ਿਆਂ ਦੇ ਨੈੱਟਵਰਕ ’ਚ ਫਸ ਰਹੇ ਨੇ ਨੌਜਵਾਨ ਅਧਿਕਾਰੀਆਂ ਨੇ ਦੱਸਿਆ ਕਿ ਰਾਤੋਂ-ਰਾਤ ਅਮੀਰ ਹੋਣ ਦੇ ਚੱਕਰ ’ਚ ਜਾਂ ਇਕ-ਦੂਜੇ ਦੇ ਬਦਲੇ ਹੋਏ ਲਾਈਫ ਸਟਾਈਲ ਨੂੰ ਵੇਖ ਕੇ ਸਰਹੱਦੀ ਨੌਜਵਾਨ ਪਾਕਿਸਤਾਨੀ ਹੈਂਡਲਰ ’ਚਾਚੇ’ ਦੇ ਜਾਲ ’ਚ ਫਸ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਕੇਸ ’ਚ ਫੜਿਆ ਨੌਜਵਾਨ ਡਿਪਲੋਮਾ ਦਾ ਵਿਦਿਆਰਥੀ ਹੈ ਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।