ਜ਼ੀਰਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮੁੜ ਧਮਕੀ, ਪੁਲਿਸ ਨੇ ਘੇਰਿਆ ਕੰਪਲੈਕਸ ਜ਼ੀਰਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਮੁੜ ਧਮਕੀ,ਪੁਲਿਸ ਨੇ ਘੇਰਿਆ ਕੰਪਲੈਕਸ
Publish Date: Thu, 24 Sep 2026 06:34 PM (IST)
Updated Date: Fri, 25 Sep 2026 04:09 AM (IST)
ਬੰਬ ਧਮਕੀ ਕਾਰਨ ਅਦਾਲਤਾਂ ਦਾ ਕੰਮਕਾਜ ਰਿਹਾ ਠੱਪ ਵਕੀਲਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਦੇ ਅਦਾਲਤੀ ਕੰਪਲੈਕਸ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਮੁੜ ਮਿਲੀ ਧਮਕੀ ਨੇ ਵੀਰਵਾਰ ਨੂੰ ਪੂਰੇ ਕੰਪਲੈਕਸ ਵਿੱਚ ਹਲਚਲ ਪੈਦਾ ਕਰ ਦਿੱਤੀ। ਧਮਕੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਪ੍ਰਸ਼ਾਸਨ ਹਰਕਤ ’ਚ ਆ ਗਏ ਤੇ ਅਦਾਲਤੀ ਕੰਪਲੈਕਸ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਇਸ ਦੌਰਾਨ ਆਮ ਲੋਕਾਂ,ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਟਾਫ਼ ਦੀ ਆਵਾਜਾਈ ਨੂੰ ਸੀਮਤ ਕਰ ਦਿੱਤਾ ਗਿਆ। ਸੂਚਨਾ ਮਿਲਣ ’ਤੇ ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ, ਐੱਸਐੱਚਓ ਥਾਣਾ ਸਿਟੀ ਜ਼ੀਰਾ ਜਸਵਿੰਦਰ ਪਾਲ ਸਿੰਘ, ਐੱਸਐੱਚਓ ਥਾਣਾ ਸਦਰ ਜ਼ੀਰਾ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਟੀਮਾਂ ਅਦਾਲਤੀ ਕੰਪਲੈਕਸ ਵਿੱਚ ਪਹੁੰਚੇ। ਪੁਲਿਸ ਵੱਲੋਂ ਅਦਾਲਤੀ ਇਮਾਰਤ ਅਤੇ ਆਲੇ-ਦੁਆਲੇ ਦੇ ਖੇਤਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ,ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਜਾਂ ਸੰਵੇਦਨਸ਼ੀਲ ਵਸਤੂ ਨਹੀਂ ਮਿਲੀ। ਬੰਬ ਧਮਕੀ ਦੇ ਮੱਦੇਨਜ਼ਰ ਅਦਾਲਤੀ ਕੰਪਲੈਕਸ ਦਾ ਕੰਮਕਾਜ ਵੀ ਪ੍ਰਭਾਵਿਤ ਰਿਹਾ ਅਤੇ ਅਦਾਲਤਾਂ ਵਿੱਚ ਆਮ ਕਾਰਵਾਈ ਠੱਪ ਹੋ ਕੇ ਰਹਿ ਗਈ। ਵਕੀਲਾਂ, ਕਲਰਕਾਂ ਤੇ ਮੁਕੱਦਮੇਬਾਜ਼ਾਂ ਨੂੰ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਬਾਰ ਐਸੋਸੀਏਸ਼ਨ ਨੂੰ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਨਿਰਮਲ ਸਿੰਘ ਹੰਜਰਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਕਿਹਾ ਕਿ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਵਾਰ-ਵਾਰ ਮਿਲ ਰਹੀਆਂ ਧਮਕੀਆਂ ਨੂੰ ਹੁਣ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।