ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਇੱਕ ਵਾਰੀ ਫਿਰ ਧਮਕੀ ਫਿਰੋਜ਼ਪੁਰ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਇੱਕ ਵਾਰੀ ਫਿਰ ਧਮਕੀ
Publish Date: Thu, 24 Sep 2026 06:32 PM (IST)
Updated Date: Fri, 25 Sep 2026 04:09 AM (IST)
ਜਦੋਂ ਤੱਕ ਬੰਬ ਨਿਰੋਧਕ ਦਸਤਾ ਕਲੀਅਰੈਂਸ ਨਹੀਂ ਦਿੰਦਾ, ਜਨਤਕ ਦਾਖਲਾ ਬੰਦ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੇ ਹੁਕਮ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਇਕ ਵਾਰੀ ਫਿਰ ਧਮਕੀ ਮਿਲੀ ਹੈ ।ਧਮਕੀ ਮਿਲਣ ਤੋਂ ਬਾਅਦ ਅਦਾਲਤੀ ਕੰਪਲੈਕਸ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤੁਰੰਤ ਸਖ਼ਤ ਕਦਮ ਚੁੱਕੇ ਗਏ ਹਨ। ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਸੁਮੀਤ ਮਲਹੋਤਰਾ ਵੱਲੋਂ ਵੀਰਵਾਰ ਦੁਪਹਿਰ ਨੂੰ ਵੀ ਜਾਰੀ ਕੀਤੇ ਦਫ਼ਤਰੀ ਹੁਕਮਾਂ ਤਹਿਤ ਬੰਬ ਨਿਰੋਧਕ ਦਸਤੇ ਵੱਲੋਂ ਸੁਰੱਖਿਆ ਜਾਂਚ ਮੁਕੰਮਲ ਕਰਕੇ ਕਲੀਅਰੈਂਸ ਦੇਣ ਤੱਕ ਅਦਾਲਤੀ ਕੰਪਲੈਕਸ ਵਿੱਚ ਆਮ ਲੋਕਾਂ, ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਟਾਫ਼ ਦਾ ਦਾਖਲਾ ਸੀਮਤ ਕਰ ਦਿੱਤਾ ਗਿਆ ਹੈ। ਦਫ਼ਤਰੀ ਹੁਕਮ ਅਨੁਸਾਰ ਅੱਜ ਦਫ਼ਤਰ ਨੂੰ ਇੱਕ ਈ-ਮੇਲ ਪ੍ਰਾਪਤ ਹੋਈ, ਜਿਸ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਵਿੱਚ ਬੰਬ ਧਮਾਕੇ ਦੀ ਧਮਕੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਫਿਰੋਜ਼ਪੁਰ ਦੇ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨਾਲ ਤੁਰੰਤ ਮੀਟਿੰਗ ਕੀਤੀ ਗਈ। ਐੱਸਐੱਸਪੀ ਫਿਰੋਜ਼ਪੁਰ ਵੱਲੋਂ ਅਦਾਲਤੀ ਕੰਪਲੈਕਸ ਦੀ ਫ੍ਰਿਸਕਿੰਗ ਅਤੇ ਸਰਚ ਆਪ੍ਰੇਸ਼ਨ ਲਈ ਲੋੜੀਂਦਾ ਸਮਾਂ ਦੇਣ ਦੀ ਸਿਫ਼ਾਰਸ਼ ਕੀਤੀ ਗਈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਬੰਬ ਨਿਰੋਧਕ ਦਸਤਾ ਇਮਾਰਤ ਦੀ ਸੁਰੱਖਿਆ ਸਬੰਧੀ ਕਲੀਅਰੈਂਸ ਨਹੀਂ ਦਿੰਦਾ, ਉਦੋਂ ਤੱਕ ਅਦਾਲਤਾਂ ਵਿੱਚ ਜਨਤਕ ਦਾਖਲਾ ਰੋਕਿਆ ਰਹੇਗਾ।ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਦਾਲਤਾਂ ਦਾ ਕੰਮਕਾਜ ਵੀ ਫਿਰੋਜ਼ਪੁਰ ਦੇ ਐੱਸਐੱਸਪੀ ਵੱਲੋਂ ਸੁਰੱਖਿਆ ਕਲੀਅਰੈਂਸ ਦਿੱਤੇ ਜਾਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਵਕੀਲਾਂ, ਕਲਰਕਾਂ ਅਤੇ ਮੁਕੱਦਮੇਬਾਜ਼ਾਂ ਨੂੰ ਸਥਿਤੀ ਬਾਰੇ ਸੂਚਿਤ ਕਰਨ ਲਈ ਬਾਰ ਐਸੋਸੀਏਸ਼ਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜਾਰੀ ਹੁਕਮਾਂ ਦੀਆਂ ਕਾਪੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ, ਫਿਰੋਜ਼ਪੁਰ ਸੈਸ਼ਨ ਡਿਵੀਜ਼ਨ ਦੇ ਸਾਰੇ ਨਿਆਂਇਕ ਅਧਿਕਾਰੀਆਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਡਿਪਟੀ ਕਮਿਸ਼ਨਰ, ਐੱਸਐੱਸਪੀ, ਜ਼ਿਲ੍ਹਾ ਅਟਾਰਨੀ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ। ਪੁਲਿਸ ਵੱਲੋਂ ਧਮਕੀ ਵਾਲੀ ਈ-ਮੇਲ ਦੇ ਸਰੋਤ ਅਤੇ ਇਸ ਦੀ ਗੰਭੀਰਤਾ ਦੀ ਜਾਂਚ ਦੇ ਨਾਲ-ਨਾਲ ਅਦਾਲਤੀ ਇਮਾਰਤ ਦੀ ਬਾਰੀਕੀ ਨਾਲ ਤਲਾਸ਼ੀ ਅਤੇ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਕਲੀਅਰੈਂਸ ਮਿਲਣ ਤੱਕ ਦਾਖਲਾ ਰੋਕਣ ਦੇ ਹੁਕਮ ਲਾਗੂ ਰਹਿਣਗੇ।