ਫਿਰੋਜ਼ਪੁਰ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਫਿਰ ਮਿਲੀ ਧਮਕੀ ਫਿਰੋਜ਼ਪੁਰ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਫਿਰ ਮਿਲੀ ਧਮਕੀ
Publish Date: Wed, 12 Aug 2026 06:49 PM (IST)
Updated Date: Wed, 12 Aug 2026 06:50 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਇਕ ਵਾਰੀ ਫਿਰ ਧਮਕੀ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਦੁਪਹਿਰ ਇਕ ਵਜੇ ਤੱਕ ਸਾਰੇ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਕੀਤੀ ਗਈ। ਇਹ ਧਮਕੀ ਭਰੀ ਈਮੇਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੂੰ ਪ੍ਰਾਪਤ ਹੋਈ ਸੀ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨਿਕ ਨਿਰਦੇਸ਼ਾਂ ਹੇਠ ਫੌਰੀ ਤੌਰ ’ਤੇ ਪੂਰੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ ਪਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਬੰਬ ਦੀ ਧਮਕੀ ਫੌਕੀ ਨਿਕਲੀ। ਇਸ ਘਟਨਾ ਤੋਂ ਬਾਅਦ ਅਦਾਲਤ ਕੰਪਲੈਕਸ ਦੇ ਆਸ-ਪਾਸ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ। ਮੌਕੇ ਦੀ ਨਜਾਕਤ ਸਮਝਦਿਆਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਵੱਲੋਂ ਸਮੂਹ ਬਾਰ ਮੈਂਬਰਾਂ ਨੂੰ ਸੂਚਿਤ ਕਰਦਿਆਂ ਸੁਰੱਖਿਆ ਬਲਾਂ ਵੱਲੋਂ ਜਾਂਚ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਹੋਣ ਤੱਕ ਸਾਰੇ ਵਕੀਲ ਭਾਈਚਾਰੇ, ਕੇਸਾਂ ਸਬੰਧੀ ਆਉਣ ਵਾਲੇ ਮੁਕੱਦਮੇਬਾਜ਼ਾਂ ਅਤੇ ਹੋਰ ਆਮ ਵਿਜ਼ਟਰਾਂ ਨੂੰ ਕੋਰਟ ਕੰਪਲੈਕਸ ਵਿੱਚ ਦਾਖਲ ਨਾ ਹੋਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਆਮ ਜਨਤਾ ਅਤੇ ਵਕੀਲਾਂ ਨੂੰ ਅਪੀਲ ਕੀਤੀ ਕਿ ਸਾਰੇ ਲੋਕ ਧੀਰਜ ਅਤੇ ਸੰਜਮ ਬਣਾ ਕੇ ਰੱਖਣ। ਪ੍ਰਸ਼ਾਸਨ ਵੱਲੋਂ ਪੂਰੀ ਸੁਰੱਖਿਆ ਜਾਂਚ ਮੁਕੰਮਲ ਹੋਣ ਅਤੇ ਕੋਰਟ ਕੰਪਲੈਕਸ ਵਿੱਚ ਆਉਣ ਸਬੰਧੀ ਅਧਿਕਾਰਤ ਪੁਸ਼ਟੀ ਮਿਲਣ ਤੋਂ ਬਾਅਦ ਹੀ ਅਦਾਲਤੀ ਪਰਿਸਰ ਵਿੱਚ ਦੁਬਾਰਾ ਕੰਮਕਾਜ ਅਰੰਭ ਹੋ ਸਕੇ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਸਾਡੀ ਸਭ ਤੋਂ ਪਹਿਲੀ ਪਹਿਲ ਹੈ।ਫ਼ਿਲਹਾਲ ਪੁਲਿਸ ਸੁਰੱਖਿਆ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀ ਮਦਦ ਨਾਲ ਕੋਰਟ ਕੰਪਲੈਕਸ ਦੇ ਹਰ ਕੋਨੇ ਅਤੇ ਇਮਾਰਤ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਈਮੇਲ ਭੇਜਣ ਵਾਲੇ ਅਣਪਛਾਤੇ ਵਿਅਕਤੀ ਦੀ ਪਛਾਣ ਕਰਨ ਲਈ ਸਾਈਬਰ ਸੈੱਲ ਦੀ ਮਦਦ ਵੀ ਲਈ ਜਾ ਰਹੀ ਹੈ।