- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਾਲਾਨਾ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼: ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ‘ਸਾਲਾਨਾ ਇੰਟਰਾ-ਈਅਰ ਯੂਨੀਵਰਸਿਟੀ ਸਪੋਰਟਸ ਕੰਪੀਟੀਸ਼ਨ 2026’ ਦਾ ਆਗਾਜ਼ 1 ਸਤੰਬਰ 2026 ਤੋਂ ਹੋ ਗਿਆ ਹੈ। ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਅਤੇ ਖੇਡ ਪ੍ਰਧਾਨ ਡਾ. ਅਰੁਣ ਕੁਮਾਰ ਅਸਾਤੀ ਦੀ ਦੇਖ-ਰੇਖ ਹੇਠ ਇਹ ਖੇਡ ਮੁਕਾਬਲੇ 1 ਸਤੰਬਰ 2026 ਤੋਂ 4 ਨਵੰਬਰ 2026 ਤੱਕ ਚੱਲਣਗੇ। ਇਸ ਖੇਡ ਕੁੰਭ ਵਿਚ ਕੁੱਲ 12 ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਯੋਗਾ, ਕਬੱਡੀ, ਬੈਡਮਿੰਟਨ, ਸ਼ਤਰੰਜ, ਬਾਸਕਟਬਾਲ, ਟੇਬਲ ਟੈਨਿਸ, ਲਾਅਨ ਟੈਨਿਸ, ਕ੍ਰਿਕਟ, ਖੋ-ਖੋ, ਵਾਲੀਬਾਲ, ਫੁੱਟਬਾਲ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਸਾਲਾਨਾ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਸਪੋਰਟਸ ਇੰਚਾਰਜ਼ (ਗਰਲਜ਼) ਨਵਦੀਪ ਕੌਰ ਝੱਜ ਬਖ਼ੂਬੀ ਨਿਭਾ ਰਹੇ ਹਨ। ਸਪੋਰਟਸ ਇੰਚਾਰਜ (ਪੋਲੀ ਵਿੰਗ) ਰਾਜੇਸ਼ ਸਿੰਗਲਾ ਅਤੇ ਸਪੋਰਟਸ ਇੰਚਾਰਜ਼ (ਡਿਗਰੀ) ਤਲਵਿੰਦਰ ਸਿੰਘ ਵੀ ਆਪਣਾ ਚੰਗਾ ਯੋਗਦਾਨ ਪਾ ਰਹੇ ਹਨ। ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਯੋਗਾ ਈਵੈਂਟ ਨਾਲ ਹੋਈ, ਜਿਸ ਵਿਚ 1 ਸਤੰਬਰ ਨੂੰ ਲੜਕਿਆਂ ਨੇ ਅਤੇ 2 ਸਤੰਬਰ ਅੱਜ ਲੜਕੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਲੜਕਿਆਂ ਦੇ ਯੋਗਾ ਮੁਕਾਬਲੇ ਵਿਚ ਬੀ.ਟੈਕ. ਸੀ.ਐੱਸ.ਈ. ਤੀਜੇ ਸਮੈਸਟਰ ਦੇ ਧੀਰਜ ਨੇ ਪਹਿਲਾ, ਗੁਰਸ਼ਰਨਪ੍ਰੀਤ ਸਿੰਘ ਨੇ ਦੂਜਾ ਅਤੇ ਹਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਉੱਥੇ ਹੀ ਲੜਕੀਆਂ ਦੇ ਯੋਗਾ ਮੁਕਾਬਲੇ ਵਿਚ ਬੀ.ਟੈਕ. ਈ.ਸੀ.ਈ. ਪਹਿਲਾ ਸਮੈਸਟਰ ਨੇ ਪਹਿਲਾ ਸਥਾਨ, ਹਰਮਨ ਬੀ.ਸੀ.ਏ. ਨੇ ਦੂਜਾ ਸਥਾਨ ਅਤੇ ਗੁਰਲੀਨ ਬੀ.ਟੈਕ. ਸੀ.ਐੱਸ.ਈ. ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਯੋਗਾ ਮੁਕਾਬਲੇ ਦੌਰਾਨ ਈਵੈਂਟ ਇੰਚਾਰਜ ਮਿਸਟਰ ਗੁਰਪ੍ਰੀਤ ਸਿੰਘ ਨੇ ਵੀ ਆਪਣੀ ਡਿਊਟੀ ਬਖ਼ੂਬੀ ਨਿਭਾਈ। ਇਸ ਮੌਕੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ, ਸਗੋਂ ਇਨ੍ਹਾਂ ਨਾਲ ਅਨੁਸ਼ਾਸਨ ਅਤੇ ਟੀਮ ਭਾਵਨਾ ਦੀ ਸੂਝ ਵੀ ਪੈਦਾ ਹੁੰਦੀ ਹੈ। ਯੂਨੀਵਰਸਿਟੀ ਵੱਲੋਂ ਖੇਡਾਂ ਦੇ ਸਫਲ ਆਯੋਜਨ ਲਈ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਗਏ ਹਨ।