ਮੰਗਾਂ ਦੀ ਅਣਦੇਖੀ ਤੋਂ ਖ਼ਫ਼ਾ ਪਟਵਾਰੀਆਂ ਨੇ ਤਹਿਸੀਲ ਦਫ਼ਤਰ ਜੀਰਾ ਅੱਗੇ ਲਾਇਆ ਧਰਨਾ ਮੰਗਾਂ ਦੀ ਅਣਦੇਖੀ ਤੋਂ ਖ਼ਫ਼ਾ ਪਟਵਾਰੀਆਂ ਨੇ ਤਹਿਸੀਲ ਦਫ਼ਤਰ ਜੀਰਾ ਅੱਗੇ ਲਾਇਆ ਧਰਨਾ
Publish Date: Wed, 23 Sep 2026 05:12 PM (IST)
Updated Date: Wed, 23 Sep 2026 05:15 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਜ਼ੀਰਾ ਨਾਲ ਸਬੰਧਤ ਸਮੂਹ ਪਟਵਾਰੀਆਂ, ਸੇਵਾਮੁਕਤ ਪਟਵਾਰੀਆਂ, ਕਾਨੂੰਗੋ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਤਹਿਸੀਲ ਦਫ਼ਤਰ ਜ਼ੀਰਾ ਵਿਖੇ ਰੋਸ ਧਰਨਾ ਦਿੱਤਾ ਗਿਆ।ਧਰਨੇ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਨਿਸ਼ਾਨ ਸਿੰਘ ਨੇ ਕੀਤੀ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਕੰਵਰ ਹਰਵੀਰ ਸਿੰਘ ਨੇ ਨਿਭਾਈ। ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਜਗਸੀਰ ਸਿੰਘ ਸੇਖਾ ਸੰਧੀਪੁਰ ਨੇ ਸੰਬੋਧਨ ਕਰਦਿਆਂ ਪਟਵਾਰੀਆਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਸਰਕਾਰ ਕੋਲ ਆਵਾਜ਼ ਉਠਾਈ ਜਾ ਰਹੀ ਹੈ, ਪਰ ਅਜੇ ਤੱਕ ਇਨ੍ਹਾਂ ਦਾ ਸਾਰਥਕ ਹੱਲ ਨਹੀਂ ਨਿਕਲਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਾਲ 2020 ਤੋਂ ਬਾਅਦ ਭਰਤੀ ਹੋਏ ਪਟਵਾਰੀਆਂ ਨੂੰ ਹਰਿਆਣਾ ਦੀ ਤਰਜ਼ ’ਤੇ 32,100 ਰੁਪਏ ਦਾ ਪੇਅ ਸਕੇਲ ਦਿੱਤਾ ਜਾਵੇ।ਇਸ ਤੋਂ ਇਲਾਵਾ ਸਟੇਟ ਕਾਡਰ ਰੱਦ ਕਰਕੇ ਮੁੜ ਜ਼ਿਲ੍ਹਾ ਕਾਡਰ ਬਹਾਲ ਕੀਤਾ ਜਾਵੇ। ਪਟਵਾਰੀਆਂ ਦੀਆਂ 4716 ਅਸਾਮੀਆਂ ਬਹਾਲ ਕਰਨ ਦੇ ਨਾਲ 3000 ਨਵੀਆਂ ਅਸਾਮੀਆਂ ਕਾਇਮ ਕਰਨ ਅਤੇ ਪਟਵਾਰੀਆਂ ਨੂੰ ਟੈਕਨੀਕਲ ਪੇਅ ਸਕੇਲ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਸਬੰਧੀ ਯੂਨੀਅਨ ਵੱਲੋਂ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਮੰਗਾਂ ਦਾ ਹੱਲ ਨਾ ਹੋਣ ਕਾਰਨ ਪਟਵਾਰੀਆਂ ਵਿਚ ਰੋਸ ਵੱਧ ਰਿਹਾ ਹੈ। ਇਸੇ ਰੋਸ ਵਜੋਂ ਮੁੜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।ਇਸ ਮੌਕੇ ਨਿਸ਼ੂ ਕੰਬੋਜ, ਹਰਜਿੰਦਰ ਸਿੰਘ, ਅਰਵਿੰਦ ਸਹਾਰਨ, ਲਸ਼ਮਣ ਸਿੰਘ, ਜਸਮੀਤ ਸਿੰਘ, ਦਪਿੰਦਰ ਸਿੰਘ, ਗੁਰਵੀਰ ਸਿੰਘ, ਦਰਿੰਟਰ ਸਿੰਘ, ਰਘਬੀਰ ਸਿੰਘ ਅਤੇ ਜਸਵੀਰ ਕੌਰ ਸਮੇਤ ਸੇਵਾਮੁਕਤ ਕਾਨੂੰਗੋ ਜਨਵਿੰਦਰ ਸਿੰਘ, ਕਿਸ਼ਨ ਕੁਮਾਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ।