ਆਂਗਣਵਾੜੀ ਵਰਕਰਾਂ ਨੇ ਘੇਰਿਆ ਵਿਧਾਇਕ ਕਟਾਰੀਆ ਦਾ ਦਫਤਰ ਆਂਗਣਵਾੜੀ ਵਰਕਰਾਂ ਨੇ ਘੇਰਿਆ ਵਿਧਾਇਕ ਕਟਾਰੀਆ ਦਾ ਦਫਤਰ
Publish Date: Mon, 17 Aug 2026 06:49 PM (IST)
Updated Date: Mon, 17 Aug 2026 06:51 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਅੱਜ ਜ਼ੀਰਾ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਹੱਕੀ ਮੰਗਾਂ ਅਤੇ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਜ਼ੀਰਾ- ਫਿਰੋਜਪੁਰ ਰੋਡ ਤੇ ਵਿਧਾਇਕ ਨਰੇਸ਼ ਕਟਾਰੀਆ ਦੇ ਦਫਤਰ ਅੱਗੇ ਰੋਸ ਧਰਨਾ ਲਾ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਜਰਨਲ ਸਕੱਤਰ ਪੰਜਾਬ ਪਿਆਰ ਕੌਰ,ਮੀਤ ਪ੍ਰਧਾਨ ਪੰਜਾਬ ਬਲਵਿੰਦਰ ਕੌਰ ਲਹੁਕਾ, ਛਿਦਰਪਾਲ ਕੌਰ ਵਕੀਲਾਂ ਵਾਲਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 1975 ਤੋਂ ਚੱਲ ਰਹੀ ਆਂਗਣਵਾੜੀ ਸਕੀਮ ਤਹਿਤ ਵਰਕਰ ਅਤੇ ਹੈਲਪਰ ਬੱਚਿਆਂ,ਗਰਭਵਤੀ ਔਰਤਾਂ ਆਦਿ ਲਈ ਅਹਿਮ ਸੇਵਾਵਾਂ ਨਿਭਾ ਰਹੇ ਹਨ,ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਅਤੇ ਹੱਕ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਟੀਕਾਕਰਨ, ਮੈਡੀਕਲ ਜਾਂਚ, ਪ੍ਰੀ-ਸਕੂਲ ਸਿੱਖਿਆ, ਪੂਰਕ ਪੋਸ਼ਣ,ਸਿਹਤ ਅਤੇ ਪੋਸ਼ਣ ਸਿੱਖਿਆ ਸਮੇਤ ਛੇ ਮੁੱਖ ਸੇਵਾਵਾਂ ਨਿਭਾਉਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਅਧੀਨ ਕਰਕੇ ਪੱਕਾ ਕੀਤਾ ਜਾਵੇ ਅਤੇ ਯੋਗਤਾ ਅਨੁਸਾਰ ਤਨਖ਼ਾਹ ਸਕੇਲ ਲਾਗੂ ਕੀਤੇ ਜਾਣ,ਜਦੋਂ ਤੱਕ ਇਹ ਸੰਭਵ ਨਹੀਂ ਹੁੰਦਾ, ਮਾਣ-ਭੱਤਾ ਦੁੱਗਣਾ ਕਰਕੇ ਘੱਟੋ-ਘੱਟ ਉਜਰਤ ਦੇ ਬਰਾਬਰ ਕੀਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ 3 ਤੋਂ 5 ਸਾਲ ਦੇ ਬੱਚਿਆਂ ਨੂੰ ਮੁੜ ਆਂਗਣਵਾੜੀ ਕੇਂਦਰਾਂ ਵਿੱਚ ਦਿੱਤਾ ਜਾਵੇ, ਯੋਗ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਸਕੂਲ ਸਿੱਖਿਆ ਨਾਲ ਜੋੜਨ ਅਤੇ ਐੱਨਟੀਟੀ,ਈਟੀਟੀ, ਬੀਐੱਡ ਆਦਿ ਯੋਗਤਾਵਾਂ ਵਾਲੀਆਂ ਵਰਕਰਾਂ ਨੂੰ 5 ਤੋਂ 6 ਸਾਲ ਦੇ ਬੱਚਿਆਂ ਲਈ ਤਰਜੀਹ ਦੇਣ ਦੀ ਮੰਗ ਕੀਤੀ ਗਈ।ਇਸ ਤੋਂ ਇਲਾਵਾ ਕੇਂਦਰਾਂ ਵਿੱਚ ਤਾਜ਼ਾ ਭੋਜਨ ਤਿਆਰ ਕਰਵਾਉਣ, ਲੰਬਿਤ ਮਾਣ-ਭੱਤੇ ਜਾਰੀ ਕਰਨ, ਮੈਡੀਕਲ ਸਹੂਲਤਾਂ ਅਤੇ ਆਯੁਸ਼ਮਾਨ ਕਾਰਡ ਦੇਣ ਦੀ ਮੰਗ ਵੀ ਉਠਾਈ ਗਈ।ਵਰਕਰਾਂ ਨੇ ਹਰ ਪਿੰਡ ਵਿੱਚ ਸੁਵਿਧਾਵਾਂ ਨਾਲ ਲੈੱਸ ਆਂਗਣਵਾੜੀ ਇਮਾਰਤਾਂ,ਰਸੋਈ, ਪਾਣੀ,ਬਿਜਲੀ, ਬਾਥਰੂਮ, ਫਰਨੀਚਰ,ਖੇਡਾਂ ਅਤੇ ਸਿੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਆਂਗਣਵਾੜੀ ਵਰਕਰਾਂ ਦੇ ਹੱਕ ਵਿੱਚ ਠੋਸ ਫ਼ੈਸਲਾ ਲਵੇਗੀ।ਇਸ ਦੌਰਾਨ ਵਰਕਰਾਂ ਵੱਲੋਂ ਮੌਕੇ ਤੇ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ ਦੇ ਪੀ.ਏ ਮੇਜਰ ਸਿੰਘ ਭੁੱਲਰ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਦੇ ਹੋਏ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਹਰਬੰਸ ਕੌਰ ਮਹੀਆਂ ਵਾਲਾ ਕਲਾਂ, ਜਸਪਾਲ ਕੌਰ ਰਟੌਲ ਬੇਟ, ਵੀਰਪਾਲ ਕੌਰ, ਪਰਮਜੀਤ ਕੌਰ, ਲਖਵਿੰਦਰਜੀਤ ਕੌਰ ਲਹਿਰਾ, ਰੇਨੂ ਬਾਲਾ, ਪਰਵੀਨ ਜੀਰਾ, ਬਲਜੀਤ ਕੌਰ, ਰਵਿੰਦਰ ਕੌਰ, ਕੁਲਵੀਰ ਕੌਰ, ਕੁਲਵਿੰਦਰ ਕੌਰ ਅਮਨਦੀਪ ਕੌਰ ਹਰਜਿੰਦਰ ਕੌਰ ਆਦਿ ਹਾਜ਼ਰ ਸਨ ।