ਅੰਗਦ ਨੇ ਰਾਵਣ ਦੇ ਦਰਬਾਰ ਵਿੱਚ ਆਪਣੇ ਪੈਰ ਜਮਾਇਆ, ਯੋਧਿਆਂ ਦੀ ਤਾਕਤ ਪਈ ਫਿੱਕੀ ਅੰਗਦ ਨੇ ਰਾਵਣ ਦੇ ਦਰਬਾਰ ਵਿੱਚ ਆਪਣੇ ਪੈਰ ਜਮਾਇਆ, ਯੋਧਿਆਂ ਦੀ ਤਾਕਤ ਪਈ ਫਿੱਕੀ
Publish Date: Sun, 18 Oct 2026 03:30 PM (IST)
Updated Date: Sun, 18 Oct 2026 03:33 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਪ੍ਰਧਾਨਗੀ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ 15ਵੇਂ ਦਿਨ ਅੰਗਦ-ਰਾਵਣ ਸੰਵਾਦ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਸੋਨੂੰ ਗੁਜਰਾਲ, ਅਮਰਜੀਤ ਸਿੰਘ ਘੁੰਮਣ ਅਤੇ ਸੁਖਵਿੰਦਰ ਸਿੰਘ ਸੰਧੂ ਤੇ ਅਮਨਦੀਪ ਛਾਬੜਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪੰਡਿਤ ਭੁਪਿੰਦਰ ਸ਼ਰਮਾ ਨੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਾਮਾਇਣ ਜੀ ਦੀ ਵਿਧੀਵਤ ਪੂਜਾ ਕਰਵਾਈ। ਮੁੱਖ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਮੰਚਨ ਦੌਰਾਨ ਭਗਵਾਨ ਸ੍ਰੀ ਰਾਮ ਵੱਲੋਂ ਅੰਗਦ ਨੂੰ ਸ਼ਾਂਤੀ ਦਾ ਸੰਦੇਸ਼ ਲੈ ਕੇ ਰਾਵਣ ਦੇ ਦਰਬਾਰ ਵਿੱਚ ਭੇਜਣ ਦਾ ਦ੍ਰਿਸ਼ ਬੇਹੱਦ ਪ੍ਰਭਾਵਸ਼ਾਲੀ ਰਿਹਾ। ਅੰਗਦ ਨੇ ਮਾਤਾ ਸੀਤਾ ਨੂੰ ਸਤਿਕਾਰ ਸਹਿਤ ਵਾਪਸ ਸੌਂਪ ਕੇ ਯੁੱਧ ਟਾਲਣ ਦੀ ਨਸੀਹਤ ਦਿੱਤੀ, ਪਰ ਹੰਕਾਰ ਵਿੱਚ ਡੁੱਬੇ ਰਾਵਣ ਨੇ ਸੱਚਾਈ ਸਵੀਕਾਰ ਨਾ ਕੀਤੀ। ਜਦੋਂ ਅੰਗਦ ਨੇ ਦਰਬਾਰ ਵਿੱਚ ਪੈਰ ਜਮਾ ਕੇ ਲੰਕਾ ਦੇ ਯੋਧਿਆਂ ਨੂੰ ਇਸ ਨੂੰ ਹਿਲਾਉਣ ਦੀ ਚੁਣੌਤੀ ਦਿੱਤੀ ਤਾਂ ਸਾਰੇ ਯੋਧਿਆਂ ਦੀ ਤਾਕਤ ਬੇਅਸਰ ਸਾਬਤ ਹੋਈ। ਪੰਡਾਲ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਸ੍ਰੀ ਰਾਮਲੀਲਾ ਸਾਡੀ ਧਾਰਮਿਕ ਵਿਰਾਸਤ, ਮਰਿਆਦਾ ਅਤੇ ਉੱਚੇ ਨੈਤਿਕ ਆਦਰਸ਼ਾਂ ਦੀ ਅਨਮੋਲ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚ, ਧਰਮ, ਤਿਆਗ ਅਤੇ ਨਿਮਰਤਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਅੰਗਦ-ਰਾਵਣ ਸੰਵਾਦ ਸਿਖਾਉਂਦਾ ਹੈ ਕਿ ਹੰਕਾਰ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਅੰਤ ਵਿੱਚ ਜਿੱਤ ਸੱਚਾਈ ਅਤੇ ਧਰਮ ਦੀ ਹੀ ਹੁੰਦੀ ਹੈ।ਪ੍ਰਧਾਨ ਜੋਗਿੰਦਰ ਪਾਲ ਕੋਰੀ ਅਤੇ ਕਲੱਬ ਮੈਂਬਰਾਂ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਸੰਗੀਤ ਨਿਰਦੇਸ਼ਕ ਕੁਲਭੂਸ਼ਨ ਸ਼ਰਮਾ ਨੇ ਕਲਾਕਾਰਾਂ ਦੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ। ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਸੀਤਾ ਦੀ ਫਾਰਿਤ ਸਿਡਾਨਾ, ਅੰਗਦ ਦੀ ਰੋਹਿਤ ਅਤੇ ਰਾਵਣ ਦਰਬਾਰ ਦੀ ਭੂਮਿਕਾ ਵਿਸ਼ਾਲ ਨੇ ਨਿਭਾਈ। ਮਾਸਟਰ ਰਾਮ, ਆਕਾਸ਼, ਅੰਸ਼, ਅਮਿਤ, ਰਿਸ਼ਬ ਅਤੇ ਦਮਨ ਸ਼ਰਮਾ ਨੇ ਵੀ ਸ਼ਾਨਦਾਰ ਅਦਾਕਾਰੀ ਕੀਤੀ। ਇਸ ਮੌਕੇ ਰਜਿੰਦਰ ਸਿੰਘ ਬਾਬਾ, ਮਨਪ੍ਰੀਤ ਸਿੰਘ ਰਾਜੂ, ਰਣਜੀਤ ਸਿੰਘ ਮੋਟਣ, ਜਸਪਾਲ ਸਿੰਘ ਤਲਵੰਡੀ ਨੇਪਾਲਾਂ, ਨਿਸ਼ਾਨ ਸਿੰਘ, ਸਿਮਰਦੀਪ ਸਿੰਘ ਗੁਜਰਾਤ, ਬਲਵੀਰ ਸਿੰਘ ਤਲਵੰਡੀ ਨੇਪਾਲਾਂ, ਦਰਪਣ ਸਿੰਘ, ਮਹਿਕਦੀਪ ਸਿੰਘ, ਲੱਖਾ ਸਿੰਘ, ਐਡਵੋਕੇਟ ਨਵਦੀਪ ਕਰੀਰ ਤੋਂ ਇਲਾਵਾ ਪ੍ਰਧਾਨ ਜੋਗਿੰਦਰ ਪਾਲ ਕੌਰੀ, ਡਾਇਰੈਕਟਰ ਕ੍ਰਿਸ਼ਨ ਹਾਂਡਾ, ਮਿਊਜ਼ਿਕ ਡਾਇਰੈਕਟਰ ਕੁੱਲਭੂਸ਼ਨ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ ਅਤੇ ਡਾ. ਟਿੰਕੂ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।