ਅਣਪਛਾਤੀ ਗੱਡੀ ਨੇ ਖੋਹ ਲਈ ਜ਼ੀਰਾ ਦੇ ਨੌਜਵਾਨ ਦੀ ਜ਼ਿੰਦਗੀ ਅਣਪਛਾਤੀ ਗੱਡੀ ਨੇ ਖੋਹ ਲਈ ਜ਼ੀਰਾ ਦੇ ਨੌਜਵਾਨ ਦੀ ਜ਼ਿੰਦਗੀ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
Publish Date: Sun, 25 Oct 2026 04:38 PM (IST)
Updated Date: Sun, 25 Oct 2026 04:40 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ਹਿਰ ਦੇ ਕੋਟ ਈਸੇ ਖਾਂ ਰੋਡ ’ਤੇ ਬੀਤੀ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਪੈਟਰੋਲ ਪੰਪ ਤੋਂ ਸਕੂਟਰੀ ਵਿੱਚ ਤੇਲ ਪੁਆ ਕੇ ਘਰ ਵੱਲ ਪਰਤ ਰਹੇ 31 ਸਾਲਾ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਦੇ ਮੌਕੇ ਤੋਂ ਚਲੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਰਜਤ ਵਿੱਜ ਉਰਫ ਬੱਬਲ(31) ਪੁੱਤਰ ਰਾਜੇਸ਼ ਕੁਮਾਰ ਨਿੱਕਾ ਵਿੱਜ, ਸਾਬਕਾ ਕੌਂਸਲਰ ਵਾਸੀ ਕੱਚਾ ਮਨਸੂਰਦੇਵਾ ਰੋਡ, ਜ਼ੀਰਾ, ਬੀਤੀ ਰਾਤ ਕਰੀਬ 12 ਵਜੇ ਕੋਟ ਈਸੇ ਖਾਂ ਰੋਡ ’ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਆਪਣੀ ਸਕੂਟਰੀ ਵਿੱਚ ਪੈਟਰੋਲ ਪੁਆ ਕੇ ਸ਼ਹਿਰ ਵੱਲ ਆ ਰਿਹਾ ਸੀ। ਜਿਵੇਂ ਹੀ ਉਹ ਪੈਟਰੋਲ ਪੰਪ ਤੋਂ ਬਾਹਰ ਨਿਕਲਿਆ, ਕੋਟ ਈਸੇ ਖਾਂ ਵਾਲੇ ਪਾਸਿਓਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਗੰਭੀਰ ਸੀ ਕਿ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਅਨੁਸਾਰ ਹਾਦਸੇ ਲਈ ਜ਼ਿੰਮੇਵਾਰ ਵਾਹਨ ਦੀ ਪਛਾਣ ਕਰਨ ਅਤੇ ਉਸ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।