
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

‘ਮਾਤ ਭਾਸ਼ਾ ਦਾ ਅਧਿਆਪਨ ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਕਰਵਾਇਆ ਗਿਆ ਸਮਾਗਮ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ‘ਮਾਤ ਭਾਸ਼ਾ (ਪੰਜਾਬੀ) ਦਾ ਅਧਿਆਪਨ : ਸਮਕਾਲੀ ਵੰਗਾਰਾਂ ਦੇ ਸਨਮੁੱਖ’ ਵਿਸ਼ੇ ’ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਸਮਾਗਮ ਦੇ ਮਨੋਰਥ ਬਾਰੇ ਗੱਲ ਕਰਦਿਆਂ ਕਿਹਾ ਕਿ ਵਰਤਮਾਨ ਯੁੱਗ ਵਿੱਚ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਹਨ। ਅਜਿਹੀ ਸਥਿਤੀ ’ਚ ਵਿਸ਼ੇਸ਼ ਤੌਰ ’ਤੇ ਭਾਸ਼ਾ ਦੇ ਅਧਿਆਪਨ ਵਿਚ ਇਕ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਬਣ ਜਾਂਦੀ ਹੈ, ਕਿਉਂਕਿ ਭਾਸ਼ਾ ਮਨੁੱਖ ਦੇ ਜੀਵਨ, ਉਸ ਦੇ ਸੁਭਾਅ ਅਤੇ ਉਸ ਦੇ ਆਚਾਰ-ਵਿਹਾਰ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਮੁੱਖ ਬੁਲਾਰੇ ਵਜੋਂ ਸ਼ਾਇਰ, ਅਨੁਵਾਦਕ ਤੇ ਅਧਿਆਪਕ ਸੁਖਜਿੰਦਰ ਨੇ ਲੰਮਾ ਸਮਾਂ ਵਿਦਿਆਰਥੀਆਂ ਨਾਲ ਇਸ ਵਿਸ਼ੇ ’ਤੇ ਗੱਲਬਾਤ ਕੀਤੀ। ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਤਕਨੀਕ ਕਦੇ ਵੀ ਇਕ ਅਧਿਆਪਕ ਦਾ ਬਦਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਧਿਆਪਕ ਇੱਕ ਜਿਉਂਦੀ-ਜਾਗਦੀ, ਸਾਹ ਲੈਂਦੀ ਅਤੇ ਮਹਿਸੂਸ ਕਰਦੀ ਸਖ਼ਸ਼ੀਅਤ ਹੁੰਦੀ ਹੈ। ਇਸ ਮੌਕੇ ਕਹਾਣੀਕਾਰ ਇੰਜੀ. ਗੁਰਦਿਆਲ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਸਿੱਖਿਆ ਦੇ ਮਹੱਤਵ ਬਾਰੇ ਸੰਖੇਪ ਵਿਚ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਕਰਦਿਆਂ ਡਾ. ਸੁਰਿੰਦਰ ਕੰਬੋਜ਼ ਨੇ ਸਮਾਨਾਂਤਰ ਪੂਰਕ ਟਿੱਪਣੀਆਂ ਕਰਦਿਆਂ ਵਿਸ਼ੇ ਨੂੰ ਹੋਰ ਗਹਿਰਾਈ ਨਾਲ ਵਿਦਿਆਰਥੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਚੇਤਨ ਕੁਮਾਰ ਦੀ ਅਗਵਾਈ ਵਿਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਡਾ. ਹਰਸੰਗੀਤ ਕੌਰ, ਡਾ. ਪਰਮਵੀਰ ਸਿੰਘ, ਡਾ. ਗਗਨਦੀਪ ਕੌਰ, ਡਾ. ਰਜਨੀ ਖੁੰਗਰ, ਅਜੇਦੀਪ ਤੋਂ ਇਲਾਵਾ ਅਵਤਾਰ ਪੁਰੀ, ਸਮਾਜ ਸੇਵੀ ਕਿਰਨ ਚੋਪੜਾ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।