ਫੂਡ ਸੇਫਟੀ ਵਿਭਾਗ ਦੀ ਕਾਰਵਾਈ ਮਗਰੋਂ ‘ਓਐੱਸਡੀ ਦਾ ਕਰੀਬੀ’ ਕਰਦਾ ਸੀ ‘ਸੈਟਿੰਗ’ ਫੂਡ ਸੇਫਟੀ ਵਿਭਾਗ ਦੀ ਕਾਰਵਾਈ ਮਗਰੋਂ ‘ੳਐਸਡੀ ਦਾ ਕਰੀਬੀ’ ਕਰਦਾ ਸੀ ‘ਸੈਟਿੰਗ’ !
Publish Date: Tue, 15 Sep 2026 08:17 PM (IST)
Updated Date: Tue, 15 Sep 2026 08:20 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹੇ ’ਚ ਫੂਡ ਸੇਫਟੀ ਮਹਿਕਮੇ ਦੀ ‘ਡਬਲ ਸਟ੍ਰਾਈਕ’ ਕਾਫੀ ਚਰਚਾ ਵਿੱਚ ਹੈ। ਸ਼ਹਿਰ ਦੇ ਕੁੱਝ ਵਪਾਰੀਆਂ ਨੇ ਦੋਸ਼ ਲਗਾਇਆ ਕਿ ਇੱਕ ਵਿਅਕਤੀ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਓਐੱਸਡੀ ਦਾ ਕਰੀਬੀ ਦਸ ਕੇ ਉਨ੍ਹਾਂ ਦੁਕਾਨਾਂ ’ਤੇ ਪਹੁੰਚ ਰਿਹਾ ਸੀ, ਜਿਥੇ ਸਿਹਤ ਵਿਭਾਗ ਵੱਲੋਂ ਪਹਿਲੋਂ ਹੀ ਸੈਂਪਲਿੰਗ ਕੀਤੀ ਗਈ ਹੋਵੇ। ਉਕਤ ਸੈਂਪਲਿੰਗ ਦੇ ਨਾਂ ’ਤੇ ਵਪਾਰੀਆਂ ਨੂੰ ਡਰਾ ਕੇ ਪੈਸੇ ਮੰਗ ਰਿਹਾ ਸੀ। ਇਸ ਸਾਰੇ ਘਟਨਾਕ੍ਰਮ ਵਿਚਾਲੇ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਇੱਕ ਵੱਡੀ ਡੇਅਰੀ ’ਤੇ ਉਕਤ ਵਿਅਕਤੀ ਅਤੇ ਫੂਡ ਸੇਫਟੀ ਇੰਸਪੈਕਟਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚਕਾਰ ਕਥਿਤ ਦੋਸ਼ਾਂ ਨੂੰ ਲੈ ਕੇ ਤਕਰਾਰ ਹੋਈ। ਉਕਤ ਵਿਅਕਤੀ ਨੇ ਇੰਸਪੈਕਟਰ ’ਤੇ ਜਾਇਦਾਦਾਂ ਇਕੱਠੀਆਂ ਕਰਨ ਜਿਹੇ ਵਰਗੇ ਗੰਭੀਰ ਦੋਸ਼ ਵੀ ਲਗਾਏ। ਮੌਕੇ ’ਤੇ ਹੀ ਪਹੁੰਚੇ ਕੁੱਝ ਮੀਡੀਆਕਰਮੀਆਂ ਕਾਰਨ ਸਾਰਾ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਮਾਮਲਾ ਥਾਣਾ ਸਿਟੀ ਫਿਰੋਜ਼ਪੁਰ ਤੱਕ ਪਹੁੰਚ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਇਕ ਵਿਅਕਤੀ ਸ਼ਹਿਰ ਦੀਆਂ ਕੁਝ ਪ੍ਰਮੁੱਖ ਮਿਠਾਈਆਂ ਦੀਆਂ ਦੁਕਾਨਾਂ, ਪਨੀਰ ਵਿਕਰੇਤਾਵਾਂ ਅਤੇ ਰਿਸੋਰਟ ਮਾਲਕਾਂ ਕੋਲ ਜਾ ਕੇ ਕਥਿਤ ਤੌਰ ’ਤੇ ਦਾਅਵਾ ਕਰਦਾ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਦਾ ਜਮਾਤੀ ਹੈ, ਊਸ ਦੇ ਪਿੰਡ ਦਾ ਹੀ ਹੈ ਅਤੇ ਉਹ ਮਿਲਾਵਟਖੋਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਉਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਫੂਡ ਸੇਫਟੀ ਵਿਭਾਗ ਵੱਲੋਂ ਲਏ ਗਏ ਸੈਂਪਲਾਂ ਦੀਆਂ ਰਿਪੋਰਟਾਂ ਉਸ ਕੋਲ ਹਨ। ਵਪਾਰੀਆਂ ਦਾ ਦੋਸ਼ ਹੈ ਕਿ ਸੈਂਪਲ ‘ਖ਼ਰਾਬ’ ਦੱਸ ਕੇ ਸਰਕਾਰੀ ਕਾਰਵਾਈ ਤੋਂ ਬਚਾਉਣ ਅਤੇ ਮਾਮਲਾ ਰਫ਼ਾ-ਦਫ਼ਾ ਕਰਵਾਉਣ ਦੇ ਨਾਂ ’ਤੇ ਮੋਟੀ ਰਕਮ ਜਾਂ ‘ਸੈਟਿੰਗ’ ਦੀ ਮੰਗ ਕੀਤੀ ਜਾਂਦੀ ਸੀ। ਫੂਡ ਇੰਸਪੈਕਟਰ ਤੋਂ ਹੀ ਲੈਂਦਾ ਸੀ ਦੁਕਾਨਾਂ ਦੀ ਲਿਸਟ ਫੂਡ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਆਪਣੇ-ਆਪ ਨੂੰ ਸੀਐੱਮ ਦੇ ਓਐੱਸਡੀ ਦਾ ਕਰੀਬੀ ਦੱਸ ਕੇ ਉਸ ਤੋਂ ਉਨ੍ਹਾਂ ਦੁਕਾਨਾਂ ਦੀ ਲਿਸਟ ਲਈ ਸੀ ਜਿਥੇ ਉਸ ਨੇ ਛਾਪੇਮਾਰੀ ਕੀਤੀ ਸੀ ਜਾਂ ਅੱਗੇ ਕਾਰਵਾਈ ਪਾਉਣੀ ਸੀ। –––ਕੋਟ––– ਅੱਜ ਹੀ ਮਾਮਲਾ ਉਨ੍ਹਾਂ ਕੋਲ ਆਇਆ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ। ਉਕਤ ਦੀ ਭਾਲ ਕੀਤੀ ਜਾ ਰਹੀ ਹੈ। -ਐੱਸਐੱਚਓ ਥਾਣਾ ਸਿਟੀ ਸੁਖਚੈਨ ਮਹਿਤਾ