- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਭਾਰਤ ਕੋ ਜਾਨੋ’ ਮੁਕਾਬਲੇ ’ਚ ਐਂਬਰੋਜ਼ੀਅਲ ਪਬਲਿਕ ਸਕੂਲ ਦੀਆਂ ਟੀਮਾਂ ਨੇ ਮਾਰੀ ਬਾਜ਼ੀ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਭਾਰਤ ਵਿਕਾਸ ਪਰਿਸ਼ਦ ਜ਼ੀਰਾ ਸ਼ਾਖਾ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਦੇ ਗੌਰਵਮਈ ਇਤਿਹਾਸ, ਅਮੀਰ ਸੱਭਿਆਚਾਰਕ ਵਿਰਸੇ ਅਤੇ ਭੂਗੋਲ ਨਾਲ ਜੋੜਨ ਦੇ ਉਦੇਸ਼ ਨਾਲ ‘ਭਾਰਤ ਕੋ ਜਾਨੋ’ ਬ੍ਰਾਂਚ ਲੈਵਲ ਮੁਕਾਬਲਾ ਸਾਵਨ ਮੱਲ ਅਗਰਵਾਲ ਸਕੂਲ ਵਿਖੇ ਕਰਵਾਇਆ ਗਿਆ। ਮੁਕਾਬਲੇ ਦੌਰਾਨ ਇਲਾਕੇ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥੀ ਟੀਮਾਂ ਨੇ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਭਾਗ ਲੈਂਦਿਆਂ ਆਪਣੇ ਗਿਆਨ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਜੂਨੀਅਰ ਅਤੇ ਸੀਨੀਅਰ ਦੋਵੇਂ ਵਰਗਾਂ ਵਿੱਚ ਐਂਬਰੋਜ਼ੀਅਲ ਪਬਲਿਕ ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਉੱਥੇ ਹੀ ਦੂਨ ਵੈਲੀ ਸਕੂਲ ਦੀਆਂ ਸੀਨੀਅਰ ਅਤੇ ਜੂਨੀਅਰ ਦੋਵੇਂ ਵਰਗਾਂ ਦੀਆਂ ਟੀਮਾਂ ਨੇ ਕੜੇ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਖਾ ਪੱਧਰ ਦੀ ਇਸ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਜੇਤੂ ਵਿਦਿਆਰਥੀ ਹੁਣ ਸਟੇਟ ਲੈਵਲ (ਰਾਜ ਪੱਧਰੀ) ਮੁਕਾਬਲੇ ਵਿੱਚ ਭਾਰਤ ਵਿਕਾਸ ਪਰਿਸ਼ਦ ਦੀ ਜ਼ੀਰਾ ਸ਼ਾਖਾ ਦੀ ਨੁਮਾਇੰਦਗੀ ਕਰਨਗੇ ਅਤੇ ਆਪਣਾ ਟੈਸਟ ਦੇਣਗੇ। ਇਸ ਮੌਕੇ ਪਰਿਸ਼ਦ ਦੇ ਅਹੁਦੇਦਾਰਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਟੇਟ ਲੈਵਲ ਪ੍ਰੀਖਿਆ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਪਰਿਸ਼ਦ ਦੇ ਮੈਂਬਰਾਂ ਨੇ ਕਿਹਾ ਕਿ ‘ਭਾਰਤ ਕੋ ਜਾਨੋ’ ਮੁਕਾਬਲੇ ਦਾ ਮਕਸਦ ਸਿਰਫ਼ ਵਿਦਿਆਰਥੀਆਂ ਦੇ ਆਮ ਗਿਆਨ ਵਿੱਚ ਵਾਧਾ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਆਪਣੇ ਦੇਸ਼ ਦੇ ਇਤਿਹਾਸ, ਸੱਭਿਆਚਾਰ, ਭੂਗੋਲ ਅਤੇ ਅਮੀਰ ਵਿਰਾਸਤ ਨਾਲ ਡੂੰਘਾਈ ਨਾਲ ਜੋੜਨਾ ਵੀ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਦੇਸ਼ ਪ੍ਰਤੀ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦਾ ਪ੍ਰਬੰਧਕੀ ਸਟਾਫ਼, ਪਰਿਸ਼ਦ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ, ਪ੍ਰਧਾਨ ਵਿਜੇ ਮੋਂਗਾ, ਸੈਕਟਰੀ ਦਿਨੇਸ਼ ਸ਼ਰਮਾ, ਵਾਈਸ ਪ੍ਰਧਾਨ ਪਰਸ਼ੋਤਮ ਸ਼ਰਮਾ, ਓਮਪ੍ਰਕਾਸ਼ ਟੀਚਰ, ਗੁਰਵਿੰਦਰ ਸਿੰਘ ਟੀਚਰ, ਨੀਤੂ ਸ਼ਰਮਾ ਅਤੇ ਕਿਰਨ ਗੌੜ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।