- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫ਼ੈਸੀਲੀਟੇਟਰਜ਼ ਯੂਨੀਅਨ ਵੱਲੋਂ ਆਨਲਾਈਨ ਕੰਮ ਦੇ ਹੁਕਮਾਂ ਵਿਰੁੱਧ ਕੀਤਾ ਰੋਸ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫ਼ੈਸੀਲੀਟੇਟਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ 10 ਲੱਖ ਰੁਪਏ ਵਾਲੇ ਮੈਡੀਕਲ ਕਾਰਡਾਂ ਨੂੰ ਆਨਲਾਈਨ ਕਰਨ ਦੇ ਵਿਭਾਗੀ ਹੁਕਮਾਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦਿਆਂ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸੇ ਵੀ ਬਲਾਕ ਵਿੱਚ ਆਸ਼ਾ ਵਰਕਰਾਂ ਵੱਲੋਂ ਮੈਡੀਕਲ ਕਾਰਡ ਬਣਾਉਣ ਦਾ ਆਨਲਾਈਨ ਕੰਮ ਨਹੀਂ ਕੀਤਾ ਜਾਵੇਗਾ, ਹਾਲਾਂਕਿ ਜੋ ਵੀ ਕੰਮ ਆਫ਼ਲਾਈਨ ਹੈ, ਉਸ ਨੂੰ ਨਿਭਾਉਣ ਲਈ ਆਸ਼ਾ ਵਰਕਰਾਂ ਪੂਰੀ ਤਰ੍ਹਾਂ ਤਿਆਰ ਹਨ। ਸਿਵਲ ਸਰਜਨ ਨੂੰ ਭੇਜੇ ਪੱਤਰ ਵਿਚ ਜ਼ਿਲ੍ਹਾ ਪ੍ਰਧਾਨ ਰਾਜਵੰਤ ਕੌਰ, ਸੁਖਵਿੰਦਰ ਕੌਰ, ਸਿਮਰਜੀਤ ਕੌਰ ਅਤੇ ਗੁਰਮੀਤ ਕੌਰ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਪਹਿਲਾਂ ਸਿਹਤ ਵਿਭਾਗ ਵੱਲੋਂ 10 ਲੱਖ ਰੁਪਏ ਦੇ ਮੈਡੀਕਲ ਕਾਰਡਾਂ ਦੀ ਗਿਣਤੀ ਸਬੰਧੀ ਰਿਪੋਰਟ ਮੰਗੀ ਗਈ ਸੀ, ਜੋ ਸਮੂਹ ਆਸ਼ਾ ਵਰਕਰਾਂ ਦੁਆਰਾ ਇਮਾਨਦਾਰੀ ਨਾਲ ਤਿਆਰ ਕਰਕੇ ਵਿਭਾਗ ਨੂੰ ਸੌਂਪ ਦਿੱਤੀ ਗਈ ਸੀ। ਪ੍ਰੰਤੂ ਹੁਣ ਵਿਭਾਗ ਵੱਲੋਂ ਇਨ੍ਹਾਂ ਮੈਡੀਕਲ ਕਾਰਡਾਂ ਨੂੰ ਆਨਲਾਈਨ ਕਰਕੇ ਡੋਰ-ਟੂ-ਡੋਰ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਸੁਵਿਧਾਵਾਂ ਅਤੇ ਸਾਧਨਾਂ ਦੀ ਘਾਟ ਦੇ ਬਾਵਜੂਦ ਇਹ ਕੰਮ ਥੋਪਣਾ ਆਸ਼ਾ ਵਰਕਰਾਂ ਨਾਲ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਯੂਨੀਅਨ ਨੇ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਹ ਆਨਲਾਈਨ ਕੰਮ ਜ਼ਬਰਦਸਤੀ ਆਸ਼ਾ ਵਰਕਰਾਂ ’ਤੇ ਠੋਸਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਮਜ਼ਬੂਰਨ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਦੇ ਬਾਹਰ ਪੱਕੇ ਤੌਰ ’ਤੇ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੀਆਂ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਿਹਤ ਪ੍ਰਸ਼ਾਸਨ ਦੀ ਹੋਵੇਗੀ। ਇਸ ਦੇ ਨਾਲ ਹੀ ਯੂਨੀਅਨ ਆਗੂਆਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਰੇਕ ਬਲਾਕ ਨੂੰ ਤੁਰੰਤ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇ, ਜਿਸ ਵਿੱਚ 10 ਲੱਖ ਵਾਲੇ ਮੈਡੀਕਲ ਕਾਰਡਾਂ ਨੂੰ ਆਨਲਾਈਨ ਕਰਨ ਦਾ ਕੰਮ ਆਸ਼ਾ ਵਰਕਰਾਂ ਤੋਂ ਨਾ ਲੈਣ ਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਸਮੂਹ ਵਰਕਰਾਂ ਵਿੱਚ ਪਾਇਆ ਜਾ ਰਿਹਾ ਭਾਰੀ ਰੋਸ ਖ਼ਤਮ ਹੋ ਸਕੇ।