ਅਕਾਲੀ-ਭਾਜਪਾ ਦੇ ਗੱਠਜੋੜ ਨਾਲ ਪੰਜਾਬ ਦੀ ਸਿਆਸਤ ’ਚ ਹੋਈ ਵੱਡੀ ਹਲਚਲ ਅਕਾਲੀ-ਭਾਜਪਾ ਮੁੜ ਇਕ ਮੰਚ ’ਤੇ, ਪੰਜਾਬ ਦੇ ਸਿਆਸੀ ਸਮੀਕਰਨਾਂ ’ਚ ਵੱਡੀ ਹਲਚਲ
Publish Date: Sun, 29 Nov 2026 04:35 PM (IST)
Updated Date: Sun, 29 Nov 2026 04:37 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜੀਰਾ; ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੇ ਬਦਲਾਅ ਦੀਆਂ ਸੰਭਾਵਨਾਵਾਂ ਨੇ ਦਸਤਕ ਦੇ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਇਕ ਮੰਚ ’ਤੇ ਆਉਣ ਨਾਲ ਸੂਬੇ ਦੇ ਸਿਆਸੀ ਪਿੜ ਵਿੱਚ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਦੋਵਾਂ ਪਾਰਟੀਆਂ ਦੀ ਇਹ ਸਾਂਝ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਲਈ ਨਵੀਂ ਚੁਣੌਤੀ ਬਣ ਸਕਦੀ ਹੈ। 8 ਦਸੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਨੂੰ ਇਸ ਗੱਠਜੋੜ ਦੇ ਤਾਕਤ ਪ੍ਰਦਰਸ਼ਨ ਅਤੇ ਸਿਆਸੀ ਦਿਸ਼ਾ ਦੇ ਐਲਾਨ ਵਜੋਂ ਦੇਖਿਆ ਜਾ ਰਿਹਾ ਹੈ।ਅਕਾਲੀ ਦਲ ਦੀ ਪੇਂਡੂ ਅਤੇ ਪੰਥਕ ਖੇਤਰਾਂ ਵਿੱਚ ਰਵਾਇਤੀ ਪਕੜ, ਜਦਕਿ ਭਾਜਪਾ ਦਾ ਸ਼ਹਿਰੀ ਤੇ ਵਪਾਰਕ ਵਰਗ ਵਿੱਚ ਪ੍ਰਭਾਵ ਇਸ ਸਾਂਝ ਦੀ ਅਹਿਮ ਸਿਆਸੀ ਪੂੰਜੀ ਮੰਨੇ ਜਾ ਰਹੇ ਹਨ। ਵੱਖ-ਵੱਖ ਚੋਣਾਂ ਲੜਨ ਕਾਰਨ ਦੋਵਾਂ ਪਾਰਟੀਆਂ ਦੇ ਵੋਟ ਆਧਾਰ ਵਿੱਚ ਪਈ ਵੰਡ ਹੁਣ ਮੁੜ ਇਕਜੁੱਟ ਹੋਣ ਦੀ ਸੰਭਾਵਨਾ ਨਾਲ ਨਵੇਂ ਸਮੀਕਰਨ ਪੈਦਾ ਕਰ ਸਕਦੀ ਹੈ। ਮਾਲਵਾ, ਮਾਝਾ ਅਤੇ ਦੋਆਬਾ ਸਮੇਤ ਸਰਹੱਦੀ ਹਲਕਾ ਜ਼ੀਰਾ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੀ ਇਸ ਸਾਂਝ ਦੇ ਅਸਰ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋਣ ਦੇ ਆਸਾਰ ਹਨ। ਵਰਕਰਾਂ ਦੀ ਸਰਗਰਮੀ ਅਤੇ ਜਥੇਬੰਦਕ ਮਜ਼ਬੂਤੀ ਇਸ ਗੱਠਜੋੜ ਦੀ ਅਸਲ ਪਰਖ ਹੋਵੇਗੀ। ਨਸ਼ਿਆਂ, ਕਿਸਾਨੀ ਸੰਕਟ, ਰੁਜ਼ਗਾਰ, ਕਾਨੂੰਨ ਵਿਵਸਥਾ ਅਤੇ ਵਿਕਾਸ ਵਰਗੇ ਮੁੱਦਿਆਂ ’ਤੇ ਲੋਕਾਂ ਦੀ ਰਾਏ ਹੀ ਇਸ ਸਿਆਸੀ ਸਾਂਝ ਦਾ ਭਵਿੱਖ ਤੈਅ ਕਰੇਗੀ। --- 8 ਦਸੰਬਰ ਦੀ ਮੋਗਾ ਰੈਲੀ ਬਣੇਗੀ ਗੱਠਜੋੜ ਦੇ ਸ਼ਕਤੀ ਪ੍ਰਦਰਸ਼ਨ ਦਾ ਕੇਂਦਰ 8 ਦਸੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਨੂੰ ਗੱਠਜੋੜ ਦੀ ਸਿਆਸੀ ਸਰਗਰਮੀ ਦੇ ਅਹਿਮ ਪੜਾਅ ਵਜੋਂ ਦੇਖਿਆ ਜਾ ਰਿਹਾ ਹੈ। ਮਾਲਵਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵਰਕਰਾਂ ਦੇ ਪਹੁੰਚਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਲਕਾ ਜ਼ੀਰਾ ਤੋਂ ਵੀ ਵੱਡੇ ਕਾਫ਼ਲਿਆਂ ਦੇ ਰੈਲੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪਿੰਡਾਂ ਵਿੱਚ ਬੈਠਕਾਂ ਰਾਹੀਂ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਹ ਰੈਲੀ ਗੱਠਜੋੜ ਦੀ ਜਥੇਬੰਦਕ ਤਾਕਤ ਅਤੇ ਆਉਣ ਵਾਲੀ ਸਿਆਸੀ ਦਿਸ਼ਾ ਦਾ ਸੰਕੇਤ ਦੇ ਸਕਦੀ ਹੈ। --- ਮੋਗਾ ਰੈਲੀ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਵੇਗੀ : ਐਡਵੋਕੇਟ ਤਰੁਣ ਝੱਟਾ ਭਾਜਪਾ ਦੇ ਬੁੱਧੀਜੀਵੀ ਸੈੱਲ ਦੇ ਕਨਵੀਨਰ ਐਡਵੋਕੇਟ ਤਰੁਨ ਝੱਟਾ ਨੇ ਕਿਹਾ ਕਿ 8 ਦਸੰਬਰ ਦੀ ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਲਿਆਉਣ ਵਾਲੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸੂਬੇ ਨੂੰ ਵਿਕਾਸ, ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਲਿਜਾਣ ਲਈ ਵਚਨਬੱਧ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਪਾਸੇ ਰੱਖ ਕੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਪੂਰੀ ਤਾਕਤ ਨਾਲ ਜੁੱਟਣ। ਸੂਦ ਨੇ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ ਅਤੇ ਗੱਠਜੋੜ ਤੋਂ ਨਵੀਆਂ ਉਮੀਦਾਂ ਰੱਖ ਰਹੇ ਹਨ। -- ਹਰਪ੍ਰੀਤ ਸਿੰਘ ਹੀਰੋ ਦੀ ਉਮੀਦਵਾਰੀ ਨਾਲ ਜ਼ੀਰਾ ਵਿੱਚ ਸਿਆਸੀ ਸਰਗਰਮੀ ਤੇਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪ੍ਰੀਤ ਸਿੰਘ ਹੀਰੋ ਨੂੰ ਹਲਕਾ ਜ਼ੀਰਾ ਤੋਂ ਉਮੀਦਵਾਰ ਬਣਾਏ ਜਾਣ ਨਾਲ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਦੀ ਲਹਿਰ ਦੱਸੀ ਜਾ ਰਹੀ ਹੈ। ਨਿਮਰ ਸੁਭਾਅ ਅਤੇ ਲੋਕਾਂ ਨਾਲ ਨੇੜਲੇ ਸੰਪਰਕ ਲਈ ਜਾਣੇ ਜਾਂਦੇ ਹੀਰੋ ਹਲਕੇ ਦੇ ਦੁੱਖ-ਸੁੱਖ ਵਿੱਚ ਸ਼ਮੂਲੀਅਤ ਕਰਦੇ ਰਹੇ ਹਨ। ਪਾਰਟੀ ਵਰਕਰਾਂ ਮੁਤਾਬਕ ਉਨ੍ਹਾਂ ਦੀ ਉਮੀਦਵਾਰੀ ਨਾਲ ਗੱਠਜੋੜ ਨੂੰ ਸਥਾਨਕ ਪੱਧਰ ’ਤੇ ਨਵੀਂ ਮਜ਼ਬੂਤੀ ਮਿਲ ਸਕਦੀ ਹੈ। ਉਨ੍ਹਾਂ ਵੱਲੋਂ ਸੜਕਾਂ, ਸਿਹਤ ਸਹੂਲਤਾਂ, ਸਿੱਖਿਆ, ਖੇਡ ਮੈਦਾਨਾਂ ਅਤੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਮੁੱਖ ਮੁੱਦੇ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ। ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਵੀ ਉਨ੍ਹਾਂ ਦੇ ਟੀਚਿਆਂ ਵਿੱਚ ਸ਼ਾਮਲ ਹੈ। --- ਗੱਠਜੋੜ ਪੰਜਾਬ ਦੇ ਹਿੱਤ ’ਚ ਅਹਿਮ ਫ਼ੈਸਲਾ : ਸੰਧੂ, ਵਿੱਜ ਅਤੇ ਘੁੰਮਣ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਸੰਧੂ, ਨਗਰ ਕੌਂਸਲ ਜੀਰਾ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਅਤੇ ਅਮਰਜੀਤ ਘੁੰਮਣ ਨੇ ਗੱਠਜੋੜ ਨੂੰ ਪੰਜਾਬ ਦੇ ਹਿੱਤ ਵਿੱਚ ਅਹਿਮ ਫ਼ੈਸਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ, ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਅਤੇ ਸਿੱਖ ਸੰਸਥਾਵਾਂ ਦੇ ਸਤਿਕਾਰ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਆਗੂਆਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਗੱਠਜੋੜ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਸਾਂਝੇ ਯਤਨ ਕਰਨ।