ਦੋ ਦਿਨਾਂ ਦੀ ਹੜਤਾਲ ਮਗਰੋਂ ਮੁੜ ਗੂੰਜੀਆਂ ਜ਼ੀਰਾ ਤੇ ਨੂਰਪੁਰ ਦੀਆਂ ਦਾਣਾ ਮੰਡੀਆਂ ਦੋ ਦਿਨਾਂ ਦੀ ਹੜਤਾਲ ਮਗਰੋਂ ਮੁੜ ਗੂੰਜੀਆਂ ਜ਼ੀਰਾ ਤੇ ਨੂਰਪੁਰ ਦੀਆਂ ਦਾਣਾ ਮੰਡੀਆਂ
Publish Date: Thu, 29 Oct 2026 06:39 PM (IST)
Updated Date: Fri, 30 Oct 2026 04:04 AM (IST)
ਦੋ ਦਿਨਾਂ ਦੀ ਹੜਤਾਲ ਮਗਰੋਂ ਮੁੜ ਗੂੰਜੀਆਂ ਜ਼ੀਰਾ ਤੇ ਨੂਰਪੁਰ ਦੀਆਂ ਦਾਣਾ ਮੰਡੀਆਂ ਐੱਸਸੀ ਕਮਿਸ਼ਨ ਦੇ ਦਖ਼ਲ ਮਗਰੋਂ ਸੁਲਝਿਆ ਮਜ਼ਦੂਰਾਂ ਦੇ ਰੋਸ ਦਾ ਮਾਮਲਾ, ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਤੇ ਐੱਸਸੀ/ਐੱਸਟੀ ਐਕਟ ਲਾਉਣ ਦੇ ਭਰੋਸੇ ’ਤੇ ਧਰਨਾ ਸਮਾਪਤ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਪਿੰਡ ਨੂਰਪੁਰ ਦੀ ਦਾਣਾ ਮੰਡੀ ਵਿੱਚ ਮਜ਼ਦੂਰਾਂ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪਿਛਲੇ ਦੋ ਦਿਨਾਂ ਤੋਂ ਠੱਪ ਪਿਆ ਜ਼ੀਰਾ ਅਤੇ ਨੂਰਪੁਰ ਦੀਆਂ ਦਾਣਾ ਮੰਡੀਆਂ ਦਾ ਕੰਮਕਾਜ ਆਖ਼ਰਕਾਰ ਮੁੜ ਸ਼ੁਰੂ ਹੋ ਗਿਆ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ ਮਜ਼ਦੂਰਾਂ ਦੀਆਂ ਮੰਗਾਂ ’ਤੇ ਕਾਰਵਾਈ ਦਾ ਭਰੋਸਾ ਮਿਲਣ ਮਗਰੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਲੇਬਰ ਯੂਨੀਅਨ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਨਾਲ ਮੰਡੀਆਂ ਵਿੱਚ ਮੁੜ ਕੰਮਕਾਜ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ। ਮਜ਼ਦੂਰਾਂ ’ਤੇ ਹੋਏ ਹਮਲੇ ਦੀਆਂ ਖ਼ਬਰਾਂ ਦਾ ਖ਼ੁਦ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਾਮਲੇ ਵਿੱਚ ਦਖ਼ਲ ਦਿੱਤਾ। ਕਮਿਸ਼ਨ ਦੇ ਉਪ ਚੇਅਰਮੈਨ ਗੁਰਪ੍ਰੀਤ ਸਿੰਘ ਇੱਟਾਂਵਾਲੀ ਜ਼ੀਰਾ ਪਹੁੰਚੇ ਅਤੇ ਸਭ ਤੋਂ ਪਹਿਲਾਂ ਜ਼ਖ਼ਮੀ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਧਰਨੇ ’ਤੇ ਬੈਠੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਵੀ ਸੁਣੀਆਂ। ਮਾਮਲੇ ਨੂੰ ਨਿਪਟਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ, ਕਮੇਟੀ ਮੈਂਬਰਾਂ, ਆੜ੍ਹਤੀਆਂ ਅਤੇ ਮਜ਼ਦੂਰ ਆਗੂਆਂ ਨਾਲ ਅਹਿਮ ਬੈਠਕ ਕੀਤੀ ਗਈ। ਇਸ ਦੌਰਾਨ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਵਿੱਚ ਤੇਜ਼ੀ ਲਿਆਉਣ ਅਤੇ ਮਾਮਲੇ ਵਿੱਚ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ ਲਾਗੂ ਕਰਨ ਸਬੰਧੀ ਹਦਾਇਤਾਂ ਦਿੱਤੀਆਂ। ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਨਿਰਧਾਰਤ ਸਮੇਂ ਅੰਦਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾਵੇਗੀ। ਮਜ਼ਦੂਰ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇਕਰ ਤੈਅ ਸਮੇਂ ਅੰਦਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਈ ਤਾਂ ਉਹ ਮੁੜ ਮੰਡੀਆਂ ਦਾ ਕੰਮਕਾਜ ਬੰਦ ਕਰਨ ਲਈ ਮਜਬੂਰ ਹੋਣਗੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਢੰਡ ਵੀ ਇਸ ਮੌਕੇ ਮੌਜੂਦ ਸਨ। ਇਸ ਦੌਰਾਨ ਮਜ਼ਦੂਰ ਯੂਨੀਅਨ ਨੇ ਆੜ੍ਹਤੀ ਹਰੀਸ਼ ਕੁਮਾਰ ਜੈਨ (ਗੋਗਾ ਜੈਨ) ਦਾ ਵਿਸ਼ੇਸ਼ ਧੰਨਵਾਦ ਕੀਤਾ। ਯੂਨੀਅਨ ਅਨੁਸਾਰ, ਜਿਸ ਆੜ੍ਹਤ ’ਤੇ ਇਹ ਘਟਨਾ ਵਾਪਰੀ ਸੀ, ਉਸ ਦੇ ਮਾਲਕ ਹਰੀਸ਼ ਕੁਮਾਰ ਜੈਨ ਘਟਨਾ ਵਾਲੇ ਦਿਨ ਤੋਂ ਹੀ ਜ਼ਖ਼ਮੀ ਮਜ਼ਦੂਰਾਂ ਦੇ ਇਲਾਜ ਦਾ ਸਮੁੱਚਾ ਖ਼ਰਚਾ ਆਪਣੇ ਪੱਧਰ ’ਤੇ ਚੁੱਕ ਰਹੇ ਹਨ। ਕਮਿਸ਼ਨ ਅਤੇ ਪ੍ਰਸ਼ਾਸਨ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਮੰਡੀਆਂ ਵਿੱਚ ਕੰਮਕਾਜ ਮੁੜ ਪਟੜੀ ’ਤੇ ਆ ਗਿਆ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਜ਼ੀਰਾ, ਸੰਦੀਪ ਸਿੰਘ ਪੰਡੋਰੀ, ਗਿਆਨ ਸਿੰਘ ਸ਼ਾਹਵਾਲਾ, ਜੱਗਾ ਸਿੰਘ ਜ਼ੀਰਾ, ਕਿਸਾਨ ਆਗੂ ਮਰੂੜ ਸਿੰਘ, ਕਿਸਾਨ ਆਗੂ ਬਲਵਿੰਦਰ ਸਿੰਘ, ਪ੍ਰਧਾਨ ਨਿਰਮਲ ਸਿੰਘ, ਸ਼ੰਮੀ ਐੱਮ.ਸੀ. ਜ਼ੀਰਾ ਅਤੇ ਲੇਬਰ ਯੂਨੀਅਨ ਜ਼ੀਰਾ ਦੇ ਪ੍ਰਧਾਨ ਸੇਵਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਆਗੂ ਹਾਜ਼ਰ ਸਨ।