- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਨੂੰ ਦੇ ਟਵੀਟ ਤੋਂ ਬਾਅਦ ਕੁਲਬੀਰ ਜ਼ੀਰਾ ਹੋਏ ਲਾਈਵ

* ਮਾਮਲਾ ਗੰਨਮੈਨ ਤੋਂ ਬੀਐੱਸਐੱਫ ਵੱਲੋਂ ਅਫੀਮ ਬਰਾਮਦ ਕਰਨ ਦਾ
* ਮੁੱਖ ਮੰਤਰੀ , ਡੀਜੀਪੀ ਅਤੇ ਐਸਐਸਪੀ ਫਿਰੋਜ਼ਪੁਰ ’ਤੇ ਲਾਏ ਗੰਭੀਰ ਦੋਸ਼
* ਆਖਿਆ; ਮੇਰੀ ਜਾਨ ਨੂੰ ਖ਼ਤਰਾ, ਗੈਂਗਸਟਰਾਂ ਤੋਂ ਮਰਵਾਉਣ ਦੀ ਰਚੀ ਜਾ ਰਹੀ ਹੈ ਸਾਜ਼ਿਸ਼
ਫੋਟੋ ਫਾਈਲ; 20ਐਫਜੈਡਆਰ 28 , 29
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ; ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ਼ ਪੰਨੂੰ ਵੱਲੋਂ ਮੰਗਲਵਾਰ ਦੇਰ ਸ਼ਾਮ ਕੀਤੇ ਟਵੀਟ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ ’ਚ ਹਲਚਲ ਮਚਾ ਦਿੱਤੀ। ਪੰਨੂੰ ਦੇ ਟਵੀਟ ’ਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਤੋਂ ਤਰਨਤਾਰਨ ਦੇ ਖਾਲੜਾ ਵਿਖੇ ਅਫੀਮ ਬਰਾਮਦ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੇ ਜਾਣ ਮਗਰੋਂ ਕੁਲਬੀਰ ਜ਼ੀਰਾ ਨੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਪੰਜਾਬ ਸਰਕਾਰ, ਡੀਜੀਪੀ ਪੰਜਾਬ ਤੇ ਐੱਸਐੱਸਪੀ ਫ਼ਿਰੋਜ਼ਪੁਰ ’ਤੇ ਗੰਭੀਰ ਇਲਜ਼ਾਮ ਲਾਉਂਦਿਆਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਮਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਅਸਲ ਗੰਨਮੈਨ ਏਐੱਸਆਈ ਰੇਸ਼ਮ ਸਿੰਘ ਬਿਮਾਰ ਹੋਣ ਕਾਰਨ ਛੁੱਟੀ ’ਤੇ ਹੈ ਅਤੇ ਉਸ ਦੀ ਥਾਂ ਐੱਸਐੱਸਪੀ ਦਫ਼ਤਰ ਵੱਲੋਂ ਅਮਰਜੀਤ ਸਿੰਘ ਨੂੰ ਆਰਜ਼ੀ ਤੌਰ ’ਤੇ ਭੇਜਿਆ ਗਿਆ ਸੀ। ਉਨ੍ਹਾਂ ਮੁਤਾਬਕ, ਸਬੰਧਤ ਮੁਲਾਜ਼ਮ ਨੇ ਡਿਊਟੀ ’ਤੇ ਆਉਣ ਮਗਰੋਂ ਕੰਮ ਕਰਨ ਤੋਂ ਅਸਮਰੱਥਾ ਜਤਾਈ ਅਤੇ ਕਥਿਤ ਤੌਰ ’ਤੇ ਦੋ ਵਜੇ ਤੋਂ ਬਾਅਦ ਗ਼ੈਰ-ਹਾਜ਼ਰ ਰਿਹਾ। ਜ਼ੀਰਾ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਸਬੰਧਤ ਪੁਲਿਸ ਅਧਿਕਾਰੀ ਨੂੰ ਫ਼ੋਨ ਕਰ ਕੇ ਜਾਣੂ ਵੀ ਕਰਵਾਇਆ ਸੀ। ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲਦੀਆਂ ਰਹੀਆਂ ਹਨ ਤੇ ਹੁਣ ਉਨ੍ਹਾਂ ਦੀ ਸੁਰੱਖਿਆ ਨਾਲ ਕਥਿਤ ਲਾਪਰਵਾਹੀ ਉਨ੍ਹਾਂ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾਇਆ ਜਾ ਸਕਦਾ ਹੈ ਜਾਂ ਕਿਸੇ ਸਾਜ਼ਿਸ਼ ਤਹਿਤ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਜ਼ੀਰਾ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕਰ ਕੇ ਸੁਰੱਖਿਆ ਵਿੰਗ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣ। ਉਨ੍ਹਾਂ ਸਬੰਧਤ ਪੁਲਿਸ ਮੁਲਾਜ਼ਮਾਂ ਦੇ ਗੈਂਗਸਟਰਾਂ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਤੇ ਫ਼ੋਨ ਰਿਕਾਰਡ ਖੰਗਾਲਣ ਦੀ ਵੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਜ਼ੀਰਾ ਵੱਲੋਂ ਲਾਏ ਦੋਸ਼ਾਂ ਤੇ ਗੰਨਮੈਨ ਤੋਂ ਅਫੀਮ ਬਰਾਮਦ ਹੋਣ ਦੇ ਮਾਮਲੇ ’ਚ ਪੁਲਿਸ ਜਾਂ ਸਰਕਾਰ ਦਾ ਪੱਖ ਇੱਥੇ ਉਪਲਬਧ ਨਹੀਂ ਹੈ। ਮਾਮਲੇ ਦੀ ਅਧਿਕਾਰਤ ਪੁਸ਼ਟੀ ਤੇ ਜਾਂਚ ਦੇ ਵੇਰਵਿਆਂ ਦੀ ਉਡੀਕ ਹੈ।
ਬਾਕਸ)----ਅਫ਼ੀਮ ਸਮੇਤ ਸਾਬਕਾ ਵਿਧਾਇਕ ਜ਼ੀਰਾ ਦੇ ਗੰਨਮੈਨ ਸਣੇ ਤਿੰਨ ਗ੍ਰਿਫ਼ਤਾਰ
- ਤਰਨਤਾਰਨ ਦੇ ਸਰਹੱਦੀ ਇਲਾਕੇ ’ਚ ਬੀਐੱਸਐੱਫ ਤੇ ਖਾਲੜਾ ਪੁਲਿਸ ਦੀ ਕਾਰਵਾਈ
- ਗ੍ਰਿਫ਼ਤਾਰੀ ਮਗਰੋਂ ਸਾਬਕਾ ਵਿਧਾਇਕ ਨੇ ਪੰਜਾਬ ਸਰਕਾਰ ’ਤੇ ਲਾਏ ਗੰਭੀਰ ਦੋਸ਼
ਸੰਵਾਦ ਸਹਿਯੋਗੀ, ਜਾਗਰਣ, ਫਿਰੋਜ਼ਪੁਰ : ਤਰਨਤਾਰਨ ਜ਼ਿਲ੍ਹੇ ’ਚ ਬੀਐੱਸਐੱਫ ਤੇ ਥਾਣਾ ਖਾਲੜਾ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਬੀਓਪੀ ਮੰਗਲੀ ਨੇੜਿਓ ਬਲੈਰੋ ਗੱਡੀ ’ਚ ਸਵਾਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਸਮੇਤ ਤਿੰਨ ਜਣਿਆਂ ਨੂੰ 525 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਜਾਬ ਪੁਲਿਸ ਦੇ ਕਾਂਸਟੇਬਲ ਅਮਰਜੀਤ ਸਿੰਘ, ਜ਼ੀਰਾ ਵਾਸੀ ਕੁਲਦੀਪ ਸਿੰਘ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੁਈਆਂ ਵਾਸੀ ਜਗਬੀਰ ਸਿੰਘ ਵਜੋਂ ਹੋਈ ਹੈ। ਆਪਣੇ ਗੰਨਮੈਨ ਅਮਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਕਾਬਲੇ ’ਚ ਮਰਵਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਦੀ ਸੁਰੱਖਿਆ ਨਾਲ ਵਾਰ-ਵਾਰ ਛੇੜਛਾੜ ਕੀਤੀ ਜਾ ਰਹੀ ਹੈ।