ਏਡੀਸੀ (ਵਿਕਾਸ) ਨੇ ਨਾਬਾਰਡ ਦੇ 45ਵੇਂ ਸਥਾਪਨਾ ਦਿਵਸ ਸਮਾਗਮ ਦੀ ਕੀਤੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਿਰੋਜ਼ਪੁਰ ਨੇ ਨਾਬਾਰਡ ਦੇ 45ਵੇਂ ਸਥਾਪਨਾ ਦਿਵਸ ਸਮਾਰੋਹ ਦੀ ਕੀਤੀ ਅਗਵਾਈ
Publish Date: Thu, 16 Jul 2026 04:10 PM (IST)
Updated Date: Thu, 16 Jul 2026 04:13 PM (IST)
- ਮਜ਼ਬੂਤ ਐੱਫਪੀਓਜ਼ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਦਿੱਤਾ ਸੱਦਾ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਬਗਦਾਦੀ ਗੇਟ, ਫਿਰੋਜ਼ਪੁਰ ਵਿਖੇ ਆਪਣਾ 45ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਹ ਸਮਾਗਮ 12 ਜੁਲਾਈ 1982 ਨੂੰ ਨਾਬਾਰਡ ਦੀ ਸਥਾਪਨਾ ਤੋਂ ਲੈ ਕੇ ਪੇਂਡੂ ਭਾਰਤ ਦੇ ਵਿਕਾਸ ਵਿਚ ਇਸ ਦੇ 45 ਸਾਲਾਂ ਦੇ ਯੋਗਦਾਨ ਨੂੰ ਸਮਰਪਿਤ ਰਿਹਾ। ਸਮਾਗਮ ਵਿਚ ਕ੍ਰਿਸ਼ਨ ਪਾਲ ਰਾਜਪੂਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਅਵਿਤੇਸ਼ ਸੰਧੂ, ਸੰਯੁਕਤ ਰਜਿਸਟਰਾਰ ਅਤੇ ਰਾਜ ਪਾਲ ਸਿੰਘ, ਜ਼ਿਲ੍ਹਾ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਿਰੋਜ਼ਪੁਰ ਵੀ ਹਾਜ਼ਰ ਸਨ। ਉਨ੍ਹਾਂ ਦੀ ਭਾਗੀਦਾਰੀ ਨੇ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸਭਾਵਾਂ, ਸਹਿਕਾਰੀ ਬੈਂਕਾਂ ਅਤੇ ਹੋਰ ਪੇਂਡੂ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਹਿਕਾਰਤਾ ਵਿਭਾਗ ਅਤੇ ਨਾਬਾਰਡ ਦਰਮਿਆਨ ਲਗਾਤਾਰ ਸਹਿਯੋਗ ਨੂੰ ਉਜਾਗਰ ਕੀਤਾ। ਸਮਾਗਮ ਵਿਚ ਆਡਿਟ, ਬੈਂਕਿੰਗ ਅਤੇ ਪੇਂਡੂ ਜੀਵਿਕਾ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਪੈਕਸ ਸਕੱਤਰ, ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਦੇ ਬੋਰਡ ਡਾਇਰੈਕਟਰ ਵੀ ਸ਼ਾਮਲ ਹੋਏ। ਰੋਹਿਤ ਕਸ਼ਯਪ, ਜ਼ਿਲ੍ਹਾ ਵਿਕਾਸ ਪ੍ਰਬੰਧਕ ਨਾਬਾਰਡ ਫਿਰੋਜ਼ਪੁਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹੇ ਵਿਚ ਨਾਬਾਰਡ ਵੱਲੋਂ ਕੀਤੀਆਂ ਜਾ ਰਹੀਆਂ ਮੁੱਖ ਵਿਕਾਸਾਤਮਕ ਪਹਿਲਕਦਮੀਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਗਤੀਸ਼ੀਲ ਮਹਿਲਾ ਕਿਸਾਨਾਂ ਅਤੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਵੈ-ਸਹਾਇਤਾ ਸਮੂਹਾਂ ਅਤੇ ਐੱਫਪੀਓ ਮੈਂਬਰਾਂ ਵੱਲੋਂ ਤਿਆਰ ਕੀਤੇ ਯਾਦਗਾਰੀ ਚਿੰਨ੍ਹ ਵੀ ਪਤਵੰਤਿਆਂ ਨੂੰ ਭੇਟ ਕੀਤੇ ਗਏ। ਨੀਤੀ ਆਯੋਗ ਦੇ ਆਕਾਂਕਸ਼ੀ ਜ਼ਿਲ੍ਹਾ ਪ੍ਰੋਗਰਾਮ ਨਾਲ ਤਾਲਮੇਲ ਅਧੀਨ ਦਰਸਾਈਆਂ ਗਈਆਂ ਪ੍ਰਾਪਤੀਆਂ ਵਿਚ ਵਰ੍ਹਾ 2026-27 ਲਈ 9,582.29 ਕਰੋੜ ਦੀ ਪ੍ਰਾਥਮਿਕਤਾ ਖੇਤਰ ਕਰਜ਼ਾ ਸੰਭਾਵਨਾ ਦਾ ਅੰਦਾਜ਼ਾ ਪ੍ਰਮੁੱਖ ਰਿਹਾ। ਇਸ ਤੋਂ ਇਲਾਵਾ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਅਧੀਨ 252.68 ਕਰੋੜ ਦੀ ਲਾਗਤ ਵਾਲੇ 289 ਮੁਕੰਮਲ ਪ੍ਰੋਜੈਕਟਾਂ ਅਤੇ 66.01 ਕਰੋੜ ਦੀ ਲਾਗਤ ਵਾਲੇ 22 ਚੱਲ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਮਮਦੋਟ, ਜ਼ੀਰਾ, ਮਖੂ ਅਤੇ ਚੰਗਾ ਰਾਏ ਵਿਖੇ ਨਾਬਾਰਡ ਵੱਲੋਂ ਪ੍ਰੋਤਸਾਹਿਤ ਚਾਰ ਕਿਸਾਨ ਉਤਪਾਦਕ ਸੰਸਥਾਵਾਂ ਵਿੱਚੋਂ ਦੋ ਹੁਣ ਲਗਭਗ 1 ਕਰੋੜ ਦੇ ਸਾਲਾਨਾ ਕਾਰੋਬਾਰ ਦੇ ਪੱਧਰ ਦੇ ਨੇੜੇ ਪਹੁੰਚ ਚੁੱਕੀਆਂ ਹਨ। ਚੰਗਾ ਰਾਏ ਕਿਸਾਨ ਵਿਕਾਸ ਐੱਫਪੀਓ ਨੂੰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਰਾਜ ਪੱਧਰ ’ਤੇ ਸਨਮਾਨਿਤ ਵੀ ਕੀਤਾ ਗਿਆ ਹੈ। ਜ਼ਿਲ੍ਹੇ ਦੀਆਂ 138 ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸਭਾਵਾਂ 611 ਗ੍ਰਾਮ ਪੰਚਾਇਤਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਧੀਆ ਮੁੱਲ ਦਿਵਾਉਣ, ਖੇਤੀ ਲਾਗਤ ਘਟਾਉਣ, ਮਿੱਟੀ ਦੀ ਸਿਹਤ ਸੁਧਾਰਨ ਅਤੇ ਲੰਬੇ ਸਮੇਂ ਦੀ ਖੇਤੀ ਸਥਿਰਤਾ ਯਕੀਨੀ ਬਣਾਉਣ ਲਈ ਹੋਰ ਕਿਸਾਨ ਉਤਪਾਦਕ ਸੰਸਥਾਵਾਂ ਦੇ ਗਠਨ ਅਤੇ ਜੈਵਿਕ ਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਬੈਂਕਾਂ, ਸਹਿਕਾਰੀ ਸੰਸਥਾਵਾਂ, ਸਰਕਾਰੀ ਵਿਭਾਗਾਂ ਅਤੇ ਭਾਈਚਾਰਕ ਸੰਸਥਾਵਾਂ ਨੂੰ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਤਾਲਮੇਲ ਅਤੇ ਅਭਿਸਰਨ ਆਧਾਰਿਤ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਬੂਟਾ ਲਗਾਉਣ ਮੁਹਿੰਮ ਵੀ ਚਲਾਈ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਨਾਬਾਰਡ ਵੱਲੋਂ ਪ੍ਰੋਤਸਾਹਿਤ ਐੱਫਪੀਓ ਉਤਪਾਦਾਂ ਦੀ ਲਘੂ ਪ੍ਰਦਰਸ਼ਨੀ ਅਤੇ ਫਿਰੋਜ਼ਪੁਰ ਕੇਂਦਰੀ ਸਹਿਕਾਰੀ ਬੈਂਕ ਨੂੰ ਮਨਜ਼ੂਰ ਕੀਤੀ ਵਿੱਤੀ ਸਾਖਰਤਾ ਮੋਬਾਈਲ ਵੈਨ ਦਾ ਦੌਰਾ ਕੀਤਾ।