ਮੱਖੂ ਨੇੜੇ ਭਿਆਨਕ ਸੜਕ ਹਾਦਸਾ: ਘੋੜਾ ਟਰਾਲੇ ਤੇ ਕਾਰ ਦੀ ਟੱਕਰ 'ਚ ਮਾਸੂਮ ਬੱਚੀ ਦੀ ਮੌਤ, ਪਰਿਵਾਰਕ ਮੈਂਬਰ ਜ਼ਖ਼ਮੀ
ਮੱਖੂ ਇਲਾਕੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਛੋਟੀ ਬੱਚੀ ਦੀ ਜਾਨ ਚਲੀ ਗਈ, ਜਦਕਿ ਕਾਰ ਵਿੱਚ ਸਵਾਰ ਉਸ ਦੇ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਘੋੜਾ ਟਰਾਲੇ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Publish Date: Wed, 25 Feb 2026 03:51 PM (IST)
Updated Date: Wed, 25 Feb 2026 04:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਮੱਖੂ ਇਲਾਕੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਛੋਟੀ ਬੱਚੀ ਦੀ ਜਾਨ ਚਲੀ ਗਈ, ਜਦਕਿ ਕਾਰ ਵਿੱਚ ਸਵਾਰ ਉਸ ਦੇ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਘੋੜਾ ਟਰਾਲੇ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਿਵ ਵਿਖਾਨਾ (ਵਾਸੀ ਮਲਕਾਣਾ ਮੁਹੱਲਾ, ਫਾਜ਼ਿਲਕਾ) ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਪਰਿਵਾਰ ਸਮੇਤ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਦੀ ਕਾਰ ਦੇ ਅੱਗੇ ਜਾ ਰਹੇ ਇੱਕ ਘੋੜਾ ਟਰਾਲੇ ਦੇ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ। ਸਪੀਡ ਵਿੱਚ ਹੋਣ ਕਾਰਨ ਕਾਰ ਸਿੱਧੀ ਟਰਾਲੇ ਦੇ ਪਿੱਛੇ ਜਾ ਵੱਜੀ।
ਸਫ਼ਰ ਦੌਰਾਨ ਪਿਆ ਮਾਤਮ
ਇਸ ਭਿਆਨਕ ਟੱਕਰ ਵਿੱਚ ਸ਼ਿਵਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ, ਪਰ ਅਫ਼ਸੋਸ ਦੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਛੋਟੀ ਲੜਕੀ ਮਹਿਰੀਨ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਚੀਕ-ਚਿਹਾੜਾ ਪੈ ਗਿਆ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਕਾਰਵਾਈ ਅਤੇ ਗ੍ਰਿਫ਼ਤਾਰੀ
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ (ASI) ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਘੋੜਾ ਟਰਾਲਾ ਚਾਲਕ ਲਵਪ੍ਰੀਤ ਸਿੰਘ (ਨਿਵਾਸੀ ਹਨੂੰਮਾਨਗੜ੍ਹ, ਰਾਜਸਥਾਨ) ਖ਼ਿਲਾਫ਼ ਬੀ.ਐਨ.ਐਸ. (BNS) ਦੀਆਂ ਵੱਖ-ਵੱਖ ਧਾਰਾਵਾਂ 106, 281, 125 (ਏ), 125 (ਬੀ), 324 (4) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।