- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੀਆਂ ‘ਵਰਲਡ ਸਕੇਟ ਗੇਮਜ਼-2026’ ਵਿੱਚ ਚਮਕਣ ਮਗਰੋਂ ਫਿਰੋਜ਼ਪੁਰ ਪਰਤੇ ਅਭੈਜੋਤ ਸਿੰਘ ਭੁੱਲਰ ਦਾ ਭਰਵਾਂ ਸਵਾਗਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਰ.ਐੱਸ. ਇੰਟਰਨੈਸ਼ਨਲ ਸਕੂਲ, ਫਿਰੋਜ਼ਪੁਰ ਛਾਉਣੀ ਦੇ ਹੋਣਹਾਰ ਵਿਦਿਆਰਥੀ ਅਭੈਜੋਤ ਸਿੰਘ ਭੁੱਲਰ ਵੱਲੋਂ ਅਮਰੀਕਾ ਵਿਖੇ ਆਯੋਜਿਤ ‘ਵਰਲਡ ਸਕੇਟ ਗੇਮਜ਼-2026’ ਵਿੱਚ ਭਾਗ ਲੈਣ ਉਪਰੰਤ ਫਿਰੋਜ਼ਪੁਰ ਪਰਤਣ ’ਤੇ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਗਤ ਸਮਾਰੋਹ ਦੌਰਾਨ ਵਿਧਾਇਕ ਰਣਬੀਰ ਸਿੰਘ ਭੁੱਲਰ, ਡਾਕਟਰ ਸਤਿੰਦਰ ਸਿੰਘ ਡਿਪਟੀ ਡੀਈਓ, ਹਰਚਰਨ ਸਿੰਘ ਸਾਮਾ ਪ੍ਰਬੰਧਕ ਆਰ.ਐੱਸ. ਇੰਟਰਨੈਸ਼ਨਲ ਸਕੂਲ, ਡੀਐੱਸਪੀ ਕਰਨ ਸ਼ਰਮਾ, ਪ੍ਰਿੰਸੀਪਲ ਸੋਨੀਆ ਰਾਣਾ, ਗੁਰਨਾਮ ਸਿੱਧੂ ਪ੍ਰਧਾਨ ਸਤਲੁਜ ਪ੍ਰੈੱਸ ਕਲੱਬ, ਭਗਵਾਨ ਸਿੰਘ ਸਾਮਾ ਪ੍ਰਧਾਨ ਸ਼ਹੀਦ ਊਧਮ ਸਿੰਘ ਟਰੱਸਟ ਫਿਰੋਜ਼ਪੁਰ, ਨਰਿੰਦਰ ਸਿੰਘ ਕੇਸਰ ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਦਿਲਬਾਗ ਸਿੰਘ ਨੱਢਾ ਚੇਅਰਮੈਨ ਬਲਾਕ ਸੰਮਤੀ, ਇੰਦੂ ਸ਼ਰਮਾ ਵਾਈਸ ਪ੍ਰਿੰਸੀਪਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸਮਾਰੋਹ ਦੌਰਾਨ ਬੁਲਾਰਿਆਂ ਨੇ ਅਭੈਜੋਤ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਾ ਆਪਣੇ-ਆਪ ਵਿੱਚ ਮਹੱਤਵਪੂਰਨ ਪ੍ਰਾਪਤੀ ਹੈ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਅਭੈਜੋਤ ਸਿੰਘ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣਾ ਸਮਾਜ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਭੈਜੋਤ ਵਰਗੇ ਹੋਣਹਾਰ ਖਿਡਾਰੀ ਦੂਜੇ ਬੱਚਿਆਂ ਲਈ ਵੀ ਪ੍ਰੇਰਨਾ ਬਣਦੇ ਹਨ। ਉਨ੍ਹਾਂ ਖਿਡਾਰੀ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਨਵੀਆਂ ਉਚਾਈਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਿਪਟੀ ਡੀਈਓ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਬੱਚਿਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਖਿਡਾਰੀਆਂ ਨੂੰ ਆਪਣੇ ਹੁਨਰ ਨੂੰ ਪਰਖਣ ਅਤੇ ਤਜਰਬੇਕਾਰ ਖਿਡਾਰੀਆਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਮਾਪਿਆਂ ਨੂੰ ਬੱਚਿਆਂ ਦੀਆਂ ਖੇਡ ਪ੍ਰਤਿਭਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਚਿਤ ਮੌਕੇ ਅਤੇ ਹੌਸਲਾ ਦੇਣਾ ਚਾਹੀਦਾ ਹੈ। ਇਸ ਮੌਕੇ ਆਰ.ਐੱਸ. ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾ ਨੇ ਕਿਹਾ ਕਿ ਅਭੈਜੋਤ ਸਿੰਘ ਭੁੱਲਰ ਦੀ ਅੰਤਰਰਾਸ਼ਟਰੀ ਖੇਡ ਮੰਚ ਤੱਕ ਪਹੁੰਚ ਸਕੂਲ ਲਈ ਮਾਣ ਵਾਲੀ ਗੱਲ ਹੈ। ਸ਼ਹੀਦ ਊਧਮ ਸਿੰਘ ਟਰੱਸਟ, ਫਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਵੱਲ ਲਗਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਕੇਸਰ ਨੇ ਕਿਹਾ ਕਿ ਸਕੂਲਾਂ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇਣ ਤੱਕ ਸੀਮਿਤ ਨਹੀਂ, ਸਗੋਂ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਤਿਭਾਵਾਂ ਨੂੰ ਪਛਾਣਨਾ ਅਤੇ ਨਿਖਾਰਨਾ ਵੀ ਹੈ। ਇਸ ਮੌਕੇ ਹਰਿੰਦਰ ਸਿੰਘ ਚਮੇਲੀ, ਹਰਿੰਦਰ ਭੁੱਲਰ, ਨਿਰਮਲ ਸਿੰਘ, ਗੁਰਜੀਤ ਸਿੰਘ ਸੋਢੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਪਰਮਿੰਦਰ ਸਿੰਘ ਥਿੰਦ, ਸੁਰਿੰਦਰ ਸਤੀਏ ਵਾਲਾ, ਮਨਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਿਰ ਸਨ।