- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਮ ਇੰਡੀਆ ਵੱਲੋਂ ਖੇਡੇਗਾ “ਆਰ ਐਸ ਇੰਟਰਨੈਸ਼ਨਲ ਸਕੂਲ’’ ਫਿਰੋਜ਼ਪੁਰ ਦਾ ਅਭੈਜੋਤ ਸਿੰਘ ਭੁੱਲਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਆਰ.ਐੱਸ. ਇੰਟਰਨੈਸ਼ਨਲ ਸਕੂਲ, ਫਿਰੋਜ਼ਪੁਰ ਛਾਉਣੀ ਦੇ ਵਿਦਿਆਰਥੀ ਅਭੈਜੋਤ ਸਿੰਘ ਭੁੱਲਰ ਦੀ ਵਰਲਡ ਸਕੇਟ ਗੇਮਜ਼ 2026 (ਦੱਖਣੀ ਅਮਰੀਕ) ਲਈ ਇਨਲਾਈਨ ਹਾਕੀ ਦੀ ਟੀਮ ਇੰਡੀਆ ਵਿੱਚ ਚੋਣ ਹੋਈ ਹੈ। ਇਸ ਉਪਲਬਧੀ ਨਾਲ ਸਕੂਲ ਅਤੇ ਅਭੈਜੋਤ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।ਅਭੈਜੋਤ ਦੇ ਪਿਤਾ ਦਰਸ਼ਨ ਸਿੰਘ ਭੁੱਲਰ, ਵਾਸੀ ਖੂਹ ਬੁਰਜ ਵਾਲਾ, ਫਿਰੋਜ਼ਪੁਰ ਅਤੇ ਸਮੂਹ ਪਰਿਵਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਸਕੂਲ ਪ੍ਰਬੰਧਕ ਹਰਚਰਨ ਸਿੰਘ ਸਾਮਾ ਨੇ ਕਿਹਾ ਕਿ ਅਭੈਜੋਤ ਨੇ ਆਪਣੀ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਸਦਕਾ ਕੌਮੀ ਪੱਧਰ ’ਤੇ ਇਹ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ। ਜਿਕਰਯੋਗ ਹੈ ਕਿ ਆਰ.ਐੱਸ. ਇੰਟਰਨੈਸ਼ਨਲ ਸਕੂਲ, ਫਿਰੋਜ਼ਪੁਰ ਛਾਉਣੀ ਦੇ ਵਿਦਿਆਰਥੀ ਅਭੈਜੋਤ ਸਿੰਘ ਭੁੱਲਰ 2 ਅਕਤੂਬਰ ਤੋਂ 18 ਅਕਤੂਬਰ ਤੱਕ ਅਸੁਨਸੀਓਨ ਪੈਰਾਗੂਏ (ਸਾਊਥ ਅਮਰੀਕਾ) ਵਿਖੇ ਹੋਣ ਵਾਲੀਆਂ ਵਰਲਡ ਸਕੇਟ ਗੇਮ 2026 ਵਾਸਤੇ ਚੁਣਿਆ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਸੋਨੀਆ ਰਾਣਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਮੌਕੇ ਦੇਣਾ ਸਿੱਖਿਆ ਦਾ ਅਹਿਮ ਹਿੱਸਾ ਹੈ। ਉਨ੍ਹਾਂ ਅਭੈਜੋਤ ਦੀ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਵਾਈਸ ਪ੍ਰਿੰਸੀਪਲ ਇੰਦੂ ਸ਼ਰਮਾ ਨੇ ਅਭੈਜੋਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਸ ਦੀ ਇਹ ਪ੍ਰਾਪਤੀ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਚੰਗੀ ਮਿਸਾਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਭੈਜੋਤ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਵਰਲਡ ਸਕੇਟ ਗੇਮਜ਼ 2026 ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਾ ਅਭੈਜੋਤ ਦੇ ਖੇਡ ਜੀਵਨ ਦੀ ਮਹੱਤਵਪੂਰਨ ਪ੍ਰਾਪਤੀ ਹੈ। ਉਸ ਦੀ ਚੋਣ ਨਾਲ ਫਿਰੋਜ਼ਪੁਰ ਖੇਤਰ ਦੇ ਖੇਡ ਪ੍ਰੇਮੀਆਂ ਵਿੱਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਹਰਚਰਨ ਸਿੰਘ ਸਾਮਾ, ਪ੍ਰਿੰਸੀਪਲ ਸੋਨੀਆ ਰਾਣਾ, ਵਾਈਸ ਪ੍ਰਿੰਸੀਪਲ ਇੰਦੂ ਸ਼ਰਮਾ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਟੀਮ ਇੰਡੀਆ ਦੀ ਚੜ੍ਹਦੀਕਲਾ ਅਤੇ ਸਫਲਤਾ ਲਈ ਅਰਦਾਸ ਕੀਤੀ। ਉਨ੍ਹਾਂ ਅਭੈਜੋਤ ਨੂੰ ਆਉਣ ਵਾਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੀ ਪ੍ਰਤਿਭਾ ਨਾਲ ਦੇਸ਼ ਦਾ ਨਾਮ ਰੌਸ਼ਨ ਕਰੇ।