
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਮਾਜ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਨਜ਼ਦੀਕੀ ਪਿੰਡ ਸਤੀਏਵਾਲਾ ਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਇੱਕ ਨਿਵੇਕਲੀ ਅਤੇ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਨੇ ਕਰੋੜਾਂ ਰੁਪਏ ਦੀ ਆਪਣੀ ਨਿੱਜੀ ਜਾਇਦਾਦ ਆਲ ਇੰਡੀਆ ਪਿੰਗਲਵਾੜਾ ਅੰਮ੍ਰਿਤਸਰ (ਭਗਤ ਪੂਰਨ ਸਿੰਘ ਜੀ ਦੀ ਸੰਸਥਾ) ਦੇ ਨਾਮ ਵਸੀਅਤ ਕਰ ਦਿੱਤੀ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ ; ਸਮਾਜ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਨਜ਼ਦੀਕੀ ਪਿੰਡ ਸਤੀਏਵਾਲਾ ਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਇੱਕ ਨਿਵੇਕਲੀ ਅਤੇ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ । ਉਨ੍ਹਾਂ ਨੇ ਕਰੋੜਾਂ ਰੁਪਏ ਦੀ ਆਪਣੀ ਨਿੱਜੀ ਜਾਇਦਾਦ ਆਲ ਇੰਡੀਆ ਪਿੰਗਲਵਾੜਾ ਅੰਮ੍ਰਿਤਸਰ (ਭਗਤ ਪੂਰਨ ਸਿੰਘ ਜੀ ਦੀ ਸੰਸਥਾ) ਦੇ ਨਾਮ ਵਸੀਅਤ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਹਾਈ ਸਕੂਲ ਦੀ ਭਲਾਈ ਲਈ 10-10 ਲੱਖ ਰੁਪਏ ਦੀਆਂ ਐੱਫ.ਡੀ. ਵੀ ਕਰਵਾਈਆਂ ਹਨ।
ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਸੋਚ ਹੈ ਕਿ ਜੇਕਰ ਪਰਿਵਾਰ ਆਤਮ-ਨਿਰਭਰ ਹੈ ਅਤੇ ਲੋੜ ਤੋਂ ਵਧੇਰੇ ਪੈਸਾ ਹੈ, ਤਾਂ ਉਸ ਨੂੰ ਸਮਾਜ ਦੀ ਭਲਾਈ ਲਈ ਕੁਦਰਤ ਦੇ ਲੇਖੇ ਲਾ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਭਗਤ ਪੂਰਨ ਸਿੰਘ ਜੀ ਦੁਆਰਾ ਆਰੰਭੀ ਗਈ ਨਿਸ਼ਕਾਮ ਸੇਵਾ ਤੋਂ ਬਹੁਤ ਪ੍ਰਭਾਵਿਤ ਹਨ। ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਦੋ ਬੇਟੇ, ਨੂੰਹ ਅਤੇ ਪੋਤੀ ਹਨ।
ਸਮਾਜਿਕ ਰੀਤੀ-ਰਿਵਾਜਾਂ ਅਨੁਸਾਰ ਪਰਿਵਾਰਕ ਮੈਂਬਰਾਂ ਦਾ ਬਣਦਾ ਹਿੱਸਾ ਦੇਣ ਤੋਂ ਬਾਅਦ, ਜੋ ਉਨ੍ਹਾਂ ਦੇ ਆਪਣੇ ਹਿੱਸੇ ਦੀ ਕਰੋੜਾਂ ਰੁਪਏ ਦੀ ਜਾਇਦਾਦ ਉਨ੍ਹਾਂ ਨੇ ਪਿੰਗਲਵਾੜਾ ਸੰਸਥਾ ਨੂੰ ਸੌਂਪਣ ਦਾ ਫੈਸਲਾ ਕੀਤਾ । ਉਨ੍ਹਾਂ ਦਾ ਮੰਨਣਾ ਹੈ ਕਿ ਉੱਥੇ ਰਹਿ ਰਹੇ “ਰੱਬ ਦੇ ਬੰਦਿਆਂ “ ਨੂੰ ਇਸ ਦੀ ਬੱਚਿਆਂ ਨਾਲੋਂ ਵੀ ਵੱਧ ਲੋੜ ਹੈ। ਇਸ ਸ਼ਲਾਘਾਯੋਗ ਕਦਮ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਪੂਰਨ ਸਹਿਯੋਗ ਦਿੱਤਾ ਹੈ। ਵੱਡੇ ਬੇਟੇ ਅਰਸ਼ਦੀਪ ਸਿੰਘ, ਛੋਟੇ ਬੇਟੇ ਦਿਲਪ੍ਰੀਤ ਸਿੰਘ ਭੁੱਲਰ ਅਤੇ ਪਤਨੀ ਰਣਜੀਤ ਕੌਰ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਵਧੀਆ ਪਰਵਰਿਸ਼ ਅਤੇ ਸਿੱਖਿਆ ਦਿੱਤੀ ਹੈ, ਜੋ ਕਿਸੇ ਵੀ ਜਾਇਦਾਦ ਨਾਲੋਂ ਵੱਡੀ ਹੈ। ਪਰਿਵਾਰ ਨੇ ਆਪ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਬੀਬੀ ਡਾ. ਇੰਦਰਜੀਤ ਕੌਰ ਨਾਲ ਮੁਲਾਕਾਤ ਕਰਕੇ ਇਸ ਫੈਸਲੇ ਦੀ ਹਮਾਇਤ ਕੀਤੀ।
ਗੁਰੂ ਘਰ ਦੇ ਵਜ਼ੀਰ ਨੂੰ ਮਿਲੇਗੀ ਆਰਥਿਕ ਮਦਦ
ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਲਈ 10 ਲੱਖ ਰੁਪਏ ਦੀ ਐੱਫ.ਡੀ.ਆਰ. ਕੀਤੀ ਹੈ। ਇਸ ਤੋਂ ਮਿਲਣ ਵਾਲੇ ਵਿਆਜ ਨਾਲ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਧਾਰਮਿਕ ਨੁਮਾਇੰਦਿਆਂ ਨੇ ਆਰਥਿਕ ਤੰਗੀ ਦਾ ਸਾਹਮਣਾ ਕੀਤਾ ਸੀ, ਇਸ ਲਈ ਸਾਡੇ ਗੁਰੂ ਘਰ ਦੇ ਵਜ਼ੀਰਾਂ ਦਾ ਆਤਮ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ।
ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ 10 ਲੱਖ ਰੁਪਏ ਦੀ ਮਦਦ
ਸਰਕਾਰੀ ਸਕੂਲ ਦੇ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਲਈ ਵੀ 10 ਲੱਖ ਰੁਪਏ ਦੀ ਐੱਫ.ਡੀ.ਆਰ. ਕਰਵਾਈ ਗਈ ਹੈ। ਉਨ੍ਹਾਂ 2022 ਵਿੱਚ ਪੰਜਾਬ ਵਿੱਚੋਂ ਟਾਪ ਕਰਨ ਵਾਲੀ ਪਿੰਡ ਦੀ ਧੀ ਨੈਨਸੀ ਰਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰਥਿਕ ਮਜਬੂਰੀਆਂ ਕਾਰਨ ਕਿਸੇ ਵੀ ਹੋਣਹਾਰ ਬੱਚੇ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ।
30 ਸਾਲਾਂ ਤੋਂ ਯੋਗ ਨਾਲ ਕਰ ਰਹੇ ਹਨ ਲਾਇਲਾਜ ਬਿਮਾਰੀਆਂ ਦਾ ਇਲਾਜ
ਸਰਪੰਚ ਭੁੱਲਰ ਪਿਛਲੇ 30 ਸਾਲਾਂ ਤੋਂ ਯੋਗ ਨਾਲ ਜੁੜੇ ਹੋਏ ਹਨ ਅਤੇ ਯੋਗ ਰਾਹੀਂ ਦਿਲ ਦੇ ਰੋਗਾਂ, ਥਾਇਰਾਇਡ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਗਠੀਏ ਤੋਂ ਇਲਾਵਾ ਕਈ ਗੰਭੀਰ ਬੀਮਾਰੀਆਂ ਤੋਂ ਲੋਕਾਂ ਨੂੰ ਨਿਜਾਤ ਦਵਾ ਚੁੱਕੇ ਹਨ ।