ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਪੁੱਜੇਗੀ 2 ਦਸੰਬਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ 02 ਦਸੰਬਰ ਨੂੰ ਫਿਰੋਜ਼ਪੁਰ ਪਹੁੰਚੇਗੀ
Publish Date: Sat, 28 Nov 2026 05:45 PM (IST)
Updated Date: Sat, 28 Nov 2026 05:46 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਵਿਸ਼ਾਲ ਸ਼ੋਭਾ ਯਾਤਰਾਵਾਂ ਆਰੰਭ ਕੀਤੀਆਂ ਜਾ ਰਹੀਆਂ ਹਨ, ਜੋ ਕਿ ਵਾਰਾਣਸੀ, ਫ਼ਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਆਰੰਭ ਹੋਣਗੀਆਂ ਅਤੇ ਇਹਨਾਂ ਵਿੱਚੋਂ ਇੱਕ ਸ਼ੋਭਾ ਯਾਤਰਾ ਜੋ ਕਿ ਫਰੀਦਕੋਟ ਤੋਂ ਸ਼ੁਰੂ ਹੋ ਕੇ 02 ਦਸੰਬਰ ਨੂੰ ਫਿਰੋਜ਼ਪੁਰ ਵਿਖੇ ਪਹੁੰਚੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਕੁਮਾਰ ਦਹੀਆ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ 2 ਦਸੰਬਰ ਨੂੰ ਸਵੇਰੇ ਫਰੀਦਕੋਟ ਤੋਂ ਆਰੰਭ ਹੋ ਕੇ ਦੁਪਹਿਰ 12 ਵਜੇ ਦੇ ਕਰੀਬ ਫਿਰੋਜ਼ਪੁਰ ਪਹੁੰਚੇਗੀ| ਇਹ ਸ਼ੋਭਾ ਯਾਤਰਾ ਫਰੀਦਕੋਟ ਤੋਂ ਹੁੰਦੀ ਹੋਈ ਪਿੰਡ ਗੋਲੇਵਾਲਾ, ਸਾਈਆਂ ਵਾਲਾ ਰੋਡ, ਰੁਕਣਾ ਬੇਗੂ ਰਾਹੀਂ ਫਿਰੋਜ਼ਪਰ ਵਿਚ ਦਾਖਲ ਹੇਵੇਗੀ। ਇਹ ਸ਼ੋਭਾ ਯਾਤਰਾ ਲਾਈਟਾਂ ਵਾਲਾ ਚੌਂਕ/ਪਾਈਲਟ ਚੌਂਕ, ਫਿਰ ਸ਼ੇਰਸ਼ਾਹ ਵਲੀ ਚੌਂਕ, ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਰੇਲਵੇ ਪੁੱਲ, ਉੱਧਮ ਸਿੰਘ ਚੌਂਕ ਤੋਂ ਨਾਮਦੇਵ ਚੌਂਕ, ਬਸਤੀ ਨਿਜਾਮਧੀਨ ਵਾਲਾ, ਸਤੀਏ ਵਾਲਾ, ਜ਼ੀਰਾ ਰੋਡ ਤੋਂ ਬਾਜੀਦਪੁਰ ਗੁਰਦੁਆਰਾ ਜ਼ਾਮਨੀ ਸਾਹਿਬ ਤੋਂ ਹੁੰਦੀ ਹੋਈ ਅੱਗੇ ਜ਼ਿਲ੍ਹਾ ਮੋਗਾ ਵੱਲ ਨੂੰ ਦਾਖਲ ਹੋਵੇਗੀ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਸ਼ਹਿਰ ਵਿੱਚ ਸ਼ੋਭਾ ਯਾਤਰਾ ਲਈ 07 ਨੰਬਰ ਚੁੰਗੀ, ਗੁਰਦੁਆਰਾ ਸਾਰਾਗੜੀ ਸਾਹਿਬ ਅਤੇ ਨਗਰ ਕੌਂਸਲ ਫਿਰੋਜਪੁਰ ਸ਼ਹਿਰ ਕੋਲ ਤਿੰਨ ਹਾਲਟ ਪੁਆਇੰਟ ਵੀ ਬਣਾਏ ਜਾਣਗੇ| ਉਹਨਾਂ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ਤੇ ਚਾਹ ਪਾਣੀ ਲੰਗਰ/ਪ੍ਰਸ਼ਾਦ ਆਦਿ ਵੀ ਇੰਤਜ਼ਾਮ ਕੀਤਾ ਜਾਵੇਗਾ ਅਤੇ ਸੜਕ ਸੁਰੱਖਿਆ ਮੈਡੀਕਲ ਸਹੂਲਤਾਂ ਸਮੇਤ ਸਾਫ ਸਫਾਈ ਆਦਿ ਵੀ ਸਾਰੇ ਪ੍ਰਬੰਧ ਕੀਤੇ ਜਾਣਗੇ| ਉਨ੍ਹਾਂ ਹਲਕੇ ਦੀ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।